
ਪਰਵਾਰ ਨੇ ਐਮ.ਐਲ.ਏ. ਨਵਾਂ ਸ਼ਹਿਰ ਉਤੇ ਮੁਕੱਦਮਾ ਦਰਜ ਕਰਨ ਦੀ ਕੀਤੀ ਮੰਗ
ਨਵਾਂ ਸ਼ਹਿਰ/ਬੰਗਾ, 30 ਜੂਨ (ਅਮਰੀਕ ਸਿੰਘ ਢੀਂਡਸਾ/ਮਨਜ਼ਿੰਦਰ ਸਿੰਘ): ਬੀਤੇ ਕਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲਿਸ ਥਾਣ ਰਾਹੋਂ ਅਧੀਨ ਪੈਂਦੀ ਚੌਂਕੀ ਸੈਦਪੁਰ ਦੇ ਪਿੰਡ ਨੰਗਲ ਛਾਂਗਾ ਦੇ 21 ਸਾਲਾ ਨੌਜਵਾਨ ਦਵਿੰਦਰ ਸਿੰਘ ਨੇ ਆਤਮ ਹਤਿਆ ਕਰ ਲਈ ਸੀ ਦੀ ਮਿਤ੍ਰਕ ਦੇਹ ਦਾ ਬੰਗਾ ਦੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਕਰਵਾਉਣ ਤੋਂ ਪਹਿਲਾਂ ਨਵਾਂ ਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਉੱਤੇ ਮੁਕੱਦਮਾ ਕਰਨ ਦੀ ਮੰਗ ਕੀਤੀ ਗਈ।
ਇਸ ਸਬੰਧੀ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਬੰਟੀ ਰੋਮਾਣਾ ਨੇ ਐਸ ਐਮ ਓ ਬੰਗਾ ਡੀ ਐਸ ਪੀ ਨਵਾਂ ਸ਼ਹਿਰ ਹਰਲੀਨ ਸਿੰਘ ਨਾਲ ਮਾਮਲੇ ਦੀ ਜਾਣਕਾਰੀ ਲੈਣ ਉਪਰੰਤ ਪ੍ਰੈੱਸ ਕਾਨਫ਼ਰੰਸ ਦੌਰਾਨ ਦਸਿਆ ਕਿ ਆਤਮ ਹਤਿਆ ਕਰ ਗਏ ਨੌਜਵਾਨ ਵਲੋਂ ਆਤਮ ਹੱਤਆ ਤੋਂ ਪਹਿਲਾਂ ਜਾਰੀ ਕੀਤੀ ਵੀਡੀਉ ਤੋਂ ਸਪੱਸ਼ਟ ਪਤਾ ਲੱਗਦਾ ਹੈ ਕਿ ਐਮ.ਐਲ.ਏ. ਅੰਗਦ ਸਿੰਘ, ਉਸ ਦੇ ਸਹਿਯੋਗੀ ਨੰਬਰਦਾਰ ਸੁੱਚਾ ਰਾਮ ਵਲੋਂ ਮਿਤ੍ਰਕ ਨੂੰ ਮਰਨ ਲਈ ਮਜ਼ਬੂਰ ਕੀਤਾ ਗਿਆ ਅਤੇ ਕਿਵੇਂ ਉਨ੍ਹਾਂ ਦੇ ਘਰ 'ਤੇ ਜਾ ਕੇ ਉਨ੍ਹਾਂ ਦੀ ਕੁੱਟਮਾਰ ਕਰ ਕੇ ਦਸਤਾਰ ਖੋਹੀ ਗਈ, ਇੱਥੋਂ ਤਕ ਕਿ ਮਿਤ੍ਰਕ ਦੀ ਭੈਣ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ ਅਤੇ ਇਨ੍ਹਾਂ ਕੁਝ ਕਰਨ ਦੇ ਬਾਵਯੂਦ ਉਲਟਾ ਉਨ੍ਹਾ 'ਤੇ ਹੀ ਝੂਠੇ ਗਵਾਹ ਖੜ੍ਹੇ ਕਰ ਕੇ ਕੇਸ ਪਾ ਦਿਤੇ ਗਏ।
ਇਹ ਲੋਕਤੰਤਰ ਰਾਜ ਵਿਚ ਤਾਕਤ ਦੇ ਨਸ਼ੇ ਵਿਚ ਆਮ ਲੋਕਾਂ ਨੂੰ ਜਲੀਲ ਕਰਨ ਅਤੇ ਮਰਨ ਲਈ ਮਜ਼ਬੂਰ ਕਰ ਦੇਣ ਦੀ ਪ੍ਰਤੱਖ ਤੇ ਨਿੰਦਣਯੋਗ ਕਾਰਵਾਈ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ ਤੇ ਪੀੜਤ ਪਰਵਾਰ ਨੂੰ ਨਿਆਂ ਦਵਾਉਣ ਲਈ ਅਤੇ ਐਮ ਐਲ ਏ ਅੰਗਦ ਸਿੰਘ ਉਤੇ ਮੁਕੱਦਮਾ ਦਰਜ ਕਰਵਾ ਕੇ ਹੀ ਮਿਤ੍ਰਕ ਦੇਹ ਦਾ ਪੋਸਟਮਾਰਟਮ ਕਰਨ ਦਿਤਾ ਜਾਵੇਗਾ। ਬੰਟੀ ਰੋਮਾਣਾ ਨੇ ਇਹ ਵੀ ਦਸਿਆ ਕਿ ਅਗਰ ਪ੍ਰਸ਼ਾਸ਼ਨ ਵਲੋਂ ਮੁਕੱਦਮਾ ਦਰਜ ਕਰਨ ਸਬੰਧੀ ਕੋਈ ਆਨਾਕਾਨੀ ਕੀਤੀ ਤਾਂ ਮਿਤ੍ਰਕ ਦੇ ਪਰਵਾਰ ਨਾਲ ਸ਼੍ਰੋਮਣੀ ਅਕਾਲੀ ਦਲ ਵਲੋਂ ਅਣਮਿੱਥੇ ਸਮੇਂ ਲਈ ਧਰਨੇ ਲਾ ਕੇ ਚੱਕਾ ਜਾਮ ਕੀਤਾ ਜਾਵੇਗਾ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ।
ਮਿਤ੍ਰਕ ਦੇ ਪਿਤਾ ਨਿਰਮਲ ਸਿੰਘ ਨੇ ਕਿਹਾ ਮੇਰਾ ਮੁੰਡਾ ਬਹੁਤ ਹੀ ਭਾਵੁਕ ਕਿਸਮ ਦਾ ਇਨਸਾਨ ਸੀ ਅਤੇ ਉਹ ਹਰ ਇਕ ਨੂੰ ਪਿਆਰ ਨਾਲ ਬਲਾਉਂਦਾ ਸੀ। ਉਸ ਨੇ ਕਾਂਗਰਸ ਦੇ ਲੀਡਰਾਂ ਦੀ ਧੱਕੇਸ਼ਾਹੀ ਕਰ ਕੇ ਆਤਮ ਹਤਿਆ ਕੀਤੀ ਹੈ। ਇਸ ਮੌਕੇ ਸਰਬਜ਼ੋਤ ਸਿੰਘ ਸਾਬੀ ਜਨਰਲ ਸਕੱਤਰ, ਸੁਖਦੀਪ ਸਿੰਘ ਸ਼ੁਕਾਰ ਪ੍ਰਧਾਨ ਦੋਆਬਾ ਜੋਨ, ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ, ਗੁਰਬਖਸ਼ ਸਿੰਘ ਖਾਲਸਾ ਵਾਈਸ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਕੌਸ਼ਲਰ ਪਰਮ ਖਾਲਸਾ, ਜਰਨੈਲ ਸਿੰਘ ਵਾਹਦ ਹਲਕਾ ੰਿÂੰਚਾਰਜ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ੰਕਰ ਬੱਬਲ, ਰਣਜੀਤ ਸਿੰਘ ਆਨੰਦ ਸ਼ਹਿਰੀ ਪ੍ਰਧਾਨ ਨਵਾਂ ਸ਼ਹਿਰ ਆਦਿ ਸ਼ਾਮਲ ਸਨ।