
ਅਗ਼ਵਾ ਕੀਤੀ ਸਿੱਖ ਲੜਕੀ ਦਾ ਸਿੱਖ ਮੁੰਡੇ ਨਾਲ ਵਿਆਹ ਹੋਇਆ
ਜੰਮੂ, 29 ਜੂਨ (ਸਰਬਜੀਤ ਸਿੰਘ) : ਦੋ ਦਿਨ ਪਹਿਲਾਂ ਜਬਰੀ ਧਰਮ ਪਰਿਵਰਤਨ ਅਤੇ ਵਿਆਹ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਪੀੜਤ ਲੜਕੀ ਵਿਆਹ ਦੇ ਬੰਧਨਾਂ ਵਿਚ ਬੱਝ ਗਈ | ਅਗਵਾ ਹੋਈ 18 ਸਾਲਾ ਸਿੱਖ ਲੜਕੀ ਦਾ ਵਿਆਹ ਇਕ ਸਥਾਨਕ ਗੁਰਦੁਆਰੇ ਵਿਖੇ ਪੂਰੀ ਸਿੱਖ ਰਹਿਤ ਮਰਿਆਦਾ ਅਨੁਸਾਰ ਕੀਤਾ ਗਿਆ | ਸਿੱਖ ਭਾਈਚਾਰੇ ਵਲੋਂ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਹੋਏ ਵਿਆਹ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ | ਸਿੱਖ ਭਾਈਚਾਰੇ ਨੇ ਦੋਸ਼ ਲਾਇਆ ਸੀ ਕਿ ਸ਼ਾਹਿਦ ਨਜ਼ੀਰ ਅਹਿਮਦ ਨਾਮ ਦੇ ਇਕ ਸਥਾਨਕ ਵਿਅਕਤੀ ਨੇ ਲੜਕੀ ਨੂੰ ਅਗ਼ਵਾ ਕਰ ਕੇ ਉਸ ਨੂੰ ਇਸਲਾਮ ਧਰਮ ਵਿਚ ਆਉਣ ਲਈ ਮਜਬੂਰ ਕੀਤਾ ਸੀ | ਬਾਅਦ ਵਿਚ ਅਹਿਮਦ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਲੜਕੀ ਦੇ ਪ੍ਰਵਾਰ ਦਾ ਦਾਅਵਾ ਹੈ ਕਿ ਉਸ ਦਾ ਵਿਆਹ ਨਹੀਂ ਹੋਇਆ ਸੀ | ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਇਹ ਦੋਸ਼ ਲਾਇਆ ਸੀ ਕਿ ਕਸ਼ਮੀਰ ਵਿਚ ਹਾਲ ਹੀ ਵਿਚ ਚਾਰ ਸਿੱਖ ਲੜਕੀਆਂ ਦੇ ਜ਼ਬਰਦਸਤੀ ਵਿਆਹ ਕਰਵਾਏ ਗਏ ਸਨ ਅਤੇ ਜ਼ਬਰਦਸਤੀ ਇਸਲਾਮ ਧਰਮ ਧਾਰਨ ਕਰਵਾਇਆ ਗਿਆ ਸੀ |
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਸਿੱਖ ਲੜਕੀਆਂ ਦੀ ਜਬਰੀ ਧਰਮ ਪਰਿਵਰਤਨ, ਜਬਰੀ ਵਿਆਹ ਤੋਂ ਬਾਅਦ ਹੋਏ ਹੰਗਾਮੇ ਨੂੰ ਦੇਖ ਲੜਕੀ ਨੂੰ ਦੋ ਦਿਨ ਪਹਿਲਾਂ ਪ੍ਰਵਾਰ ਦੇ ਹਵਾਲੇ ਕਰ ਦਿਤਾ ਗਿਆ ਸੀ |