
ਸਿੱਖ ਕੁੜੀਆਂ ਦੀ ਧਰਮ ਤਬਦੀਲੀ ਦੇ ਵਿਰੋਧ ਵਿਚ ਸਿੱਖਾਂ ਨੇ ਦਿੱਲੀ 'ਚ ਕੀਤਾ ਰੋਸ ਮੁਜ਼ਾਹਰਾ
ਮੋਦੀ ਸਰਕਾਰ ਸਖ਼ਤ ਕਾਨੂੰਨ ਰਾਹੀਂ ਧਰਮ ਤਬਦੀਲੀ 'ਤੇ ਲਗਾਮ ਲਾ ਕੇ, ਸਿੱਖਾਂ ਦੇ ਸੰਵਿਧਾਨਕ ਹੱਕ ਬਹਾਲ ਕਰੇ : ਜੀ ਕੇ
ਨਵੀਂ ਦਿੱਲੀ, 29 ਜੂਨ (ਅਮਨਦੀਪ ਸਿੰਘ): ਕਸ਼ਮੀਰ ਵਿਚ ਦੋ ਸਿੱਖ ਕੁੜੀਆਂ ਦੀ ਜ਼ਬਰਦਸਤੀ ਧਰਮ ਤਬਦੀਲੀ ਦੇ ਵਿਰੋਧ ਵਿਚ ਅੱਜ ਦਿੱਲੀ ਵਿਚਲੇ ਜੰਮੂ ਕਸ਼ਮੀਰ ਭਵਨ ਦੇ ਮੂਹਰੇ 'ਜਾਗੋ' ਪਾਰਟੀ ਦੀ ਅਗਵਾਈ ਹੇਠ ਸਿੱਖਾਂ ਨੇ ਜ਼ੋਰਦਾਰ ਰੋਸ ਮੁਜ਼ਾਹਰਾ ਕਰ ਕੇ, ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਸਖ਼ਤ ਕਾਨੂੰਨ ਬਣਾ ਕੇ, ਸਿੱਖ ਕੁੜੀਆਂ ਦੀ ਜ਼ਬਰਦਸਤੀ ਧਰਮ ਤਬਦੀਲੀ ਤੇ ਨਿਕਾਹ ਕੀਤੇ ਜਾਣ 'ਤੇ ਰੋਕ ਲਾ ਕੇ ਸੂਬੇ ਵਿਚ ਸਿੱਖਾਂ ਦੇ ਸੰਵਿਧਾਨਕ ਹੱਕ ਬਹਾਲ ਕਰੇ | ਸਿੰਘਾਂ ਤੇ ਬੀਬੀਆਂ ਨੇ ਵੀ ਮੁਜ਼ਾਹਰੇ ਵਿਚ ਸ਼ਿਰਕਤ ਕਰ ਕੇ, ਜੰਮੂ ਕਸ਼ਮੀਰ ਦੇ ਸਿੱਖਾਂ ਦੀ ਸੁਰੱਖਿਆ ਦੀ ਮੰਗ ਕੀਤੀ |
ਮੁਜ਼ਾਹਰੇ ਪਿਛੋਂ ਮਨਜੀਤ ਸਿੰਘ ਜੀ ਕੇ, ਪਰਮਿੰਦਰਪਾਲ ਸਿੰਘ, ਚਮਨ ਸਿੰਘ, ਮਨਦੀਪ ਕੌਰ ਬਖ਼ਸ਼ੀ, ਹਰਪ੍ਰੀਤ ਕੌਰ, ਪਰਮਜੀਤ ਸਿੰਘ ਰਾਣਾ ਆਧਾਰਾਤ ਇਕ ਵਫ਼ਦ ਨੇ ਜੰਮੂ ਕਸ਼ਮੀਰ ਹਾਊਸ ਦੇ ਸਹਾਇਕ ਰੈਜ਼ੀਡੈਂਟ ਕਮਿਸ਼ਨਰ ਨੀਰਜ ਕੁਮਾਰ ਨੂੰ ਸੂਬੇ ਦੇ ਉਪ ਰਾਜਪਾਲ ਮਨੋਜ ਸਿਨਹਾ ਦੇ ਨਾਂ ਮੰਗ ਪੱਤਰ ਦੇ ਕੇ, ਪੰਜਾਬੀ ਬੋਲੀ ਸਣੇ ਸਿੱਖਾਂ ਦੇ ਸੰਵਿਧਾਨਕ ਹੱਕ ਯਕੀਨੀ ਬਣਾਉਣ ਦੀ ਮੰਗ ਕੀਤੀ | ਭਰਵੀਂ ਤਾਦਾਦ ਵਿਚ ਜੁੜੇ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ.ਮਨਜੀਤ ਸਿੰਘ ਜੀ.ਕੇ. ਨੇ ਕਿਹਾ,''ਕੇਂਦਰ ਸਰਕਾਰ ਜੰਮੂ ਕਸ਼ਮੀਰ ਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਏ ਅਤੇ ਸਖ਼ਤ ਕਾਨੂੰਨ ਰਾਹੀਂ ਜ਼ਬਰਦਸਤੀ ਧਰਮ ਤਬਦੀਲੀ 'ਤੇ ਲਗਾਮ ਲਾਏ |'' ਉਨ੍ਹਾਂ ਮੋਦੀ ਸਰਕਾਰ ਦੇ ਨਾਂ ਦਿਤੇ ਮੰਗ ਪੱਤਰ ਵਿਚ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਸੂਬੇ ਵਿਚਲੇ ਸਿੱਖਾਂ ਨਾਲ ਦੋਹਰਾ ਸਲੂਕ ਬੰਦ ਕਰ ਕੇ ਸੂਬੇ ਦੇ ਸਿੱਖਾਂ ਨੂੰ ਘੱਟ -ਗਿਣਤੀ ਦਾ ਦਰਜਾ ਦੇ ਕੇ, ਅਨੰਦ ਮੈਰਿਜ ਐਕਟ ਲਾਗੂ ਕਰੇ, ਉਜੜੇ ਹੋਏ ਸਿੱਖਾਂ ਨੂੰ ਕਸ਼ਮੀਰੀ ਪੰਡਤਾਂ ਵਾਂਗ ਰਾਹਤ ਤੇ ਮੁੜ ਵਸੇਬਾ ਪੈਕੇਜ ਦਿਤਾ ਜਾਵੇ | ਕਸ਼ਮੀਰ 'ਚੋਂ ਧਾਰਾ 370 ਰੱਦ ਹੋਣ ਦੇ ਬਾਵਜੂਦ ਸੂਬੇ ਦੇ ਸਿੱਖ ਅਸੁਰੱਖਿਆ ਦੇ ਮਾਹੌਲ ਵਿਚ ਜੀਅ ਰਹੇ ਹਨ |
nੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 28 ਜੂਨ^ ਫ਼ੋਟੋ ਫ਼ਾਈਲ ਨੰਬਰ 01 ਨੱਥੀ ਹੈ |
ਫ਼ੋਟੋ ਕੈਪਸ਼ਨ:- ਮੁਜ਼ਾਹਰੇ ਮੌਕੇ ਪ੍ਰਧਾਨ ਮੰਤਰੀ ਤੋਂ ਜੰਮੂ ਕਸ਼ਮੀਰ ਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕਰਦੇ ਹੋਏ ਮਨਜੀਤ ਸਿੰਘ ਜੀ ਕੇ |