
ਮੇਰੀ ਪਾਰਟੀ ਨੂੰ ਜਿਤਾਉ, ਹਰ ਪੰਜਾਬੀ ਨੂੰ 300 ਯੂਨਿਟ ਬਿਜਲੀ ਮੁਫ਼ਤ ਮਿਲੇਗੀ : ਕੇਜਰੀਵਾਲ
ਵੱਡੇ ਪੈਂਡਿੰਗ ਬਿਲ ਮਾਫ਼ ਕਰਨ ਤੇ 24 ਘੰਟੇ ਸਪਲਾਈ ਦੇਣ ਦੇ ਵੱਡੇ ਚੁਣਾਵੀ ਐਲਾਨ, ਸੱਤਾ 'ਚ ਆਏ ਤਾਂ ਪਹਿਲੇ 2 ਦਿਨਾਂ ਵਿਚ ਲਾਗੂ ਹੋਣਗੇ ਇਹ ਫ਼ੈਸਲੇ
ਚੰਡੀਗੜ੍ਹ, 29 ਜੂਨ (ਸੁਰਜੀਤ ਸੱਤੀ): 'ਆਪ' ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਇਸ ਵਾਰ ਸਿੰਘਾਸਨ ਤਕ ਪਹੁੰਚਣ ਲਈ ਮਿਸ਼ਨ 2022 ਦੀ ਮੁਹਿੰਮ ਅੱਜ ਚੰਡੀਗੜ੍ਹ ਪਹੁੰਚ ਕੇ ਜ਼ੋਰਦਾਰ ਤਰੀਕੇ ਨਾਲ ਸ਼ੁਰੂ ਕਰ ਦਿਤੀ ਹੈ | ਉਨ੍ਹਾਂ ਚੁਣਾਵੀ ਪੱਤਾ ਖੇਡਦਿਆਂ ਬਿਜਲੀ ਦੇ ਮੁੱਦੇ ਤੋਂ ਸ਼ੁਰੂਆਤ ਕੀਤੀ ਹੈ | ਇਸ ਸਮੇਂ ਮਹਿੰਗੀ ਬਿਜਲੀ ਵੀ ਸੂਬੇ ਦਾ ਅਹਿਮ ਮੁੱਦਾ ਹੈ ਤੇ ਇਨ੍ਹੀਂ ਦਿਨੀਂ ਕਿਸਾਨ ਵੀ ਝੋਨੇ ਦੀ ਬਿਜਾਈ ਲਈ 8 ਘੰਟੇ ਦੀ ਥਾਂ 3 ਜਾਂ 4 ਘੰਟੇ ਬਿਜਲੀ ਮਿਲਣ ਕਾਰਨ ਔਖੇ ਹਨ |
ਕੇਜਰੀਵਾਲ ਨੇ ਅੱਜ ਚੰਡੀਗੜ੍ਹ ਵਿਚ ਮੀਡੀਆ ਦੇ ਰੂਬਰੂ ਹੁੰਦਿਆਂ ਬਿਜਲੀ ਨੂੰ ਲੈ ਕੇ ਵੱਡੇ ਐਲਾਨ ਕੀਤੇ ਹਨ | ਉਨ੍ਹਾਂ 300 ਯੂਨਿਟ ਤਕ ਮੁਫ਼ਤ ਬਿਜਲੀ ਦੇਣ ਤੋਂ ਇਲਾਵਾ ਲੋਕਾਂ ਨੂੰ ਆਏ ਵੱਡੇ ਬਿਲ ਮਾਫ਼ ਕਰਨ, 24 ਘੰਟੇ ਬਿਜਲੀ ਦੇਣ ਦੇ ਐਲਾਨ ਕੀਤੇ | ਕਿਸਾਨਾਂ ਤੇ ਹੋਰ ਵਰਗਾਂ ਦੀ ਰਿਆਇਤੀ ਬਿਜਲੀ ਪਹਿਲਾਂ ਵਾਂਗ ਜਾਰੀ ਰੱਖਣ ਦਾ ਐਲਾਨ ਕੀਤਾ | ਉਨ੍ਹਾਂ ਦੋ ਮਹੀਨੇ ਬਾਅਦ ਮੁੜ ਚੰਡੀਗੜ੍ਹ ਆ ਕੇ ਨੌਜਵਾਨਾਂ ਦੇ ਰੁਜ਼ਗਾਰ ਦੇ ਮੁੱਦੇ 'ਤੇ ਵੱਡੇ ਐਲਾਨ ਕਰਨ ਦੀ ਗੱਲ ਆਖੀ | ਉਨ੍ਹਾਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਐਲਾਨ ਕਰਦਿਆਂ ਅਕਾਲੀ ਦਲ ਤੇ ਕਾਂਗਰਸ ਦੀ ਮਿਲੀਭੁਗਤ ਦੇ ਵੀ ਦੋਸ਼ ਲਾਏ | ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣੀ ਤਾਂ ਪਹਿਲਾ ਫ਼ੈਸਲਾ ਬਿਜਲੀ ਬਾਰੇ ਹੋਵੇਗਾ ਅਤੇ ਦੋ ਦਿਨਾਂ ਅੰਦਰ ਇਹ ਫ਼ੈਸਲੇ ਲਏ ਜਾਣਗੇ |
ਪੰਜਾਬ ਵਿਚ ਮੁਫ਼ਤ ਬਿਜਲੀ ਕਿਵੇਂ ਮਿਲੇਗੀ? ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਜਿਸ ਵੇਲੇ ਦਿੱਲੀ ਵਿਚ 'ਆਪ' ਦੀ ਸਰਕਾਰ ਬਣੀ, ਉਸ ਵੇਲੇ ਬਿਜਲੀ ਕੰਪਨੀਆਂ ਘਾਟੇ ਵਿਚ ਸਨ ਪਰ ਫਿਰ ਵੀ ਉਨ੍ਹਾਂ ਨਾਲ ਕਰਾਰ ਤੋੜ ਕੇ ਬਿਜਲੀ ਦੀ ਸਹੀ ਵਿਵਸਥਾ ਬਣਾਈ ਗਈ ਤੇ ਹੁਣ ਇਸੇ ਤਰਜ਼ 'ਤੇ ਪੰਜਾਬ ਵਿਚ 'ਆਪ' ਦੀ ਸਰਕਾਰ ਬਣਨ 'ਤੇ ਬਿਜਲੀ ਕੰਪਨੀਆਂ ਨਾਲ ਮਹਿੰਗੇ ਸਮਝੌਤੇ ਰੱਦ ਕੀਤੇ ਜਾਣਗੇ |