
ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਸਰਜੰਗਦੀਪ ਸਿੰਘ ਨੇ ਦਸਿਆ ਕਿ ਦੋਵੇਂ ਨੌਜੁਆਨ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਜਾ ਰਹੇ ਸਨ
ਦੋਰਾਹਾ : ਲੁਧਿਆਣਾ ਦੇ ਦੋਰਾਹਾ ਨੇੜੇ ਦੱਖਣੀ ਬਾਈਪਾਸ 'ਤੇ ਇੱਕ ਤੇਜ਼ ਰਫ਼ਤਾਰ ਪਿਕਅੱਪ ਜੀਪ ਨੇ ਬਾਈਕ ਸਵਾਰ ਦੋ ਨੌਜੁਆਨਾਂ ਨੂੰ ਟੱਕਰ ਮਾਰ ਦਿਤੀ। ਜਿਸ ਕਾਰਨ ਇਕ ਨੌਜੁਆਨ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਗੰਭੀਰ ਜ਼ਖ਼ਮੀ ਹੋ ਗਿਆ। ਦੋਵੇਂ ਨੌਜੁਆਨ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਅਤੇ ਸੇਵਾ ਕਰਨ ਜਾ ਰਹੇ ਸਨ। ਘਟਨਾ ਤੋਂ ਬਾਅਦ ਡਰਾਈਵਰ ਜੀਪ ਨੂੰ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ।
ਮ੍ਰਿਤਕ ਦੀ ਪਛਾਣ 26 ਸਾਲਾ ਮਨਪ੍ਰੀਤ ਸਿੰਘ ਵਾਸੀ ਪਿੰਡ ਕੀਮਾ ਭੈਣੀ ਵਜੋਂ ਹੋਈ ਹੈ। ਜਦਕਿ ਉਸ ਦੇ ਦੋਸਤ ਦੀ ਪਛਾਣ ਰਾਜਪੁਰਾ ਦੇ ਪਿੰਡ ਮਦਨਪੁਰ ਦੇ 25 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਦੋਰਾਹਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਅਮਨਦੀਪ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਸਰਜੰਗਦੀਪ ਸਿੰਘ ਨੇ ਦਸਿਆ ਕਿ ਦੋਵੇਂ ਨੌਜੁਆਨ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਜਾ ਰਹੇ ਸਨ।
ਜਦੋਂ ਉਹ ਦੱਖਣੀ ਬਾਈਪਾਸ ’ਤੇ ਸਰਵਿਸ ਲੇਨ ’ਤੇ ਪੁੱਜੇ ਤਾਂ ਪਿੰਡ ਗੁਰਥਲੀ ਰੋਡ ਤੋਂ ਆ ਰਹੀ ਇੱਕ ਮਹਿੰਦਰਾ ਜੀਪ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ। ਇਸ ਕਾਰਨ ਮਨਪ੍ਰੀਤ ਅਤੇ ਅਮਨਦੀਪ ਸੜਕ 'ਤੇ ਡਿੱਗ ਗਏ। ਭੱਜਣ ਦੀ ਕੋਸ਼ਿਸ਼ ਵਿਚ ਡਰਾਈਵਰ ਨੇ ਜੀਪ ਦੀ ਰਫ਼ਤਾਰ ਵਧਾ ਦਿਤੀ। ਦੋਵੇਂ ਨੌਜੁਆਨ ਜੀਪ ਦੇ ਹੇਠਾਂ ਫਸ ਗਏ। ਡਰਾਈਵਰ ਉਨ੍ਹਾਂ ਨੂੰ ਘਸੀਟ ਕੇ ਲੈ ਗਿਆ। ਬਾਅਦ ਵਿਚ ਉਹ ਗੱਡੀ ਛੱਡ ਕੇ ਭੱਜ ਗਿਆ।
ਏ.ਐਸ.ਆਈ. ਨੇ ਦਸਿਆ ਕਿ ਮਨਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਹ ਅਮਨਦੀਪ ਸਿੰਘ ਨੂੰ ਹਸਪਤਾਲ ਲੈ ਗਏ। ਅਣਪਛਾਤੇ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 279, 337, 338, 427 ਅਤੇ 304ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ।