
ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਜੰਮੂ-ਕਸ਼ਮੀਰ, ਸਿੱਖ ਵੈਲਫ਼ੇਅਰ ਫ਼ਰੰਟ ਜੰਮੂ
ਜੰਮੂ, 29 ਜੁਲਾਈ (ਸਰਬਜੀਤ ਸਿੰਘ): ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਜੰਮੂ-ਕਸ਼ਮੀਰ, ਸਿੱਖ ਵੈਲਫ਼ੇਅਰ ਫ਼ਰੰਟ ਜੰਮੂ-ਕਸ਼ਮੀਰ, ਏ. ਆਈ.ਐਸ. ਐਸ. ਐਫ਼ ਅਤੇ ਸਿੱਖ ਨੌਜਵਾਨ ਸਭਾ ਜੰਮੂ ਨੇ ਜੰਮੂ-ਕਸ਼ਮੀਰ (ਯੂਟੀ) ਪ੍ਰਸ਼ਾਸਨ ਦੇ ਉਸ ਫ਼ੈਸਲੇ ਦਾ ਸਵਾਗਤ ਕੀਤਾ ਹੈ ਜਿਸ ਕੁੰਜਵਾਨੀ ਚੌਕ ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜੰਮੂ ਨਗਰ ਨਿਗਮ ਨੇ ਬੈਠਕ ਵਿਚ ਇਕ ਮਤਾ ਪਾਸ ਕਰ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਕੁੰਜਵਾਨੀ ਚੌਕ ’ਚ ਲਗਾਉਣ ਦੀ ਮਨਜ਼ੂਰੀ ਦਿਤੀ ਸੀ ਜਿਸ ਨਾਲ ਨਾ ਸਿਰਫ਼ ਜੰਮੂ ਕਸ਼ਮੀਰ ਵਿਚ ਵਸਦੇ ਸਿੱਖਾਂ ਦੀ ਚਿਰੋਕਣੀ ਇੱਛਾ ਪੂਰੀ ਹੋਈ ਹੈ ਸਗੋਂ ਜੰਮੂ ਵਿਚ ਫ਼ਿਰਕੂ ਸਦਭਾਵਨਾ ਨੂੰ ਹੋਰ ਮਜ਼ਬੂਤ ਮਿਲੇਗੀ।
ਜ਼ਿਲ੍ਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਜੰਮੂ ਤੇ ਹੋਰ ਸਿੱਖ ਲੀਡਰਾਂ ਨੇ ਜੰਮੂ ਨਗਰ ਨਿਗਮ ਦੇ ਨਾਲ ਮਨਹਾਸ ਬਰਾਦਰੀ ਦੇ ਸਮੂਹ ਕਾਰਪੋਰੇਟਰਾਂ ਨੂੰ ਕੁੰਜਵਾਨੀ ਚੌਕ ਵਿਚ ਬਾਬਾ ਬੰਦਾ ਸਿੰਘ ਦੇ ਬੁੱਤ ਨੂੰ ਮਨਜ਼ੂਰੀ ਲਈ ਕੀਤੇ ਯਤਨਾਂ ਅਤੇ ਸਹਾਇਤਾ ਲਈ ਧਨਵਾਦ ਕੀਤਾ। ਜੰਮੂ-ਕਸ਼ਮੀਰ ਦੇ ਗੁਰਦਵਾਰਾ ਪ੍ਰਬੰਧਕ ਬੋਰਡ, ਡੀ.ਜੀ.ਪੀ.ਸੀ. ਜੰਮੂ, ਸਿੱਖ ਸੰਸਥਾਵਾਂ ਅਤੇ ਸਮੁੱਚੀ ਸਿੱਖ ਸੰਗਤ ਪਹਿਲਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਧਾਤ ਦੇ ਬੁੱਤ ਲਈ ਆਰਡਰ ਦੇ ਚੁਕੀ ਹੈ ਜਿਸ ਨੂੰ ਬਾਅਦ ਵਿਚ ਕੁੰਜਵਾਨੀ ਚੌਕ ਜੰਮੂ ਵਿਖੇ ਸਥਾਪਤ ਕੀਤਾ ਜਾਵੇਗਾ।
File Photo
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ ਖ਼ਾਲਸਾ ਚੇਅਰਮੈਨ ਸਿੱਖ ਵੈਲਫ਼ੇਅਰ ਫ਼ਰੰਟ ਨੇ ਦਸਿਆ ਕਿ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ 1670 ਵਿਚ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਹੋਇਆ ਸੀ ਜਿਸ ਨੇ ਸੰਨਿਆਸੀ ਬਣਨ ਲਈ 15 ਸਾਲ ਦੀ ਉਮਰ ਵਿਚ ਅਪਣਾ ਘਰ ਛੱਡ ਦਿਤਾ ਅਤੇ ਅਖ਼ੀਰ ਸਤੰਬਰ 1708 ਵਿਚ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਚੇਲੇ ਬਣ ਗਿਆ।
ਇਸ ਮੌਕੇ ਖ਼ਾਲਸਾ ਨੇ ਕਿਹਾ ਕਿ ਕੁੱਝ ਲੋਕ ਸੋਸ਼ਲ ਮੀਡੀਆ ਰਾਹੀਂ ਨਫ਼ਰਤ ਫੈਲਾਉਣ ਲਈ ਧਮਕੀ ਭਰੀਆਂ ਵੀਡੀਉ ਪਾ ਰਹੇ ਹਨ ਅਤੇ ਜੰਮੂ ਵਿਚ ਸ਼ਾਂਤੀ ਅਤੇ ਫ਼ਿਰਕੂ ਸਦਭਾਵਨਾ ਲਈ ਖ਼ਤਰਾ ਪੈਦਾ ਕਰ ਰਹੇ ਹਨ। ਸਿੱਖ ਨੇਤਾਵਾਂ ਨੇ ਕਿਹਾ ਕਿ ਅਸੀਂ ਸ਼ਾਂਤੀ ਅਤੇ ਫ਼ਿਰਕੂ ਸਦਭਾਵਨਾ ਵਿਚ ਵਿਸ਼ਵਾਸ ਰੱਖਦੇ ਹਾਂ ਪਰ ਜੇ ਹਾਕਮਾਂ ਸਿੱਖ ਭਾਈਚਾਰੇ ਨੂੰ ਖੁੱਲ੍ਹੇਆਮ ਚੁਨੌਤੀ ਦੇਣ ਵਾਲੇ ਤੱਤਾਂ ਵਿਰੁਧ ਸਖ਼ਤ ਕਾਰਵਾਈ ਨਹੀਂ ਕੀਤੀ ਤਾਂ ਕਿਸੇ ਵੀ ਤਰ੍ਹਾਂ ਦੀ ਘਟਨਾ ਦੀ ਸਥਿਤੀ ਵਿਚ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜਥੇਦਾਰ ਮਹਿੰਦਰ ਸਿੰਘ ਪ੍ਰਧਾਨ ਸ਼੍ਰੋਮਣੀਅਕਾਲੀ ਦਲ ਬਾਦਲ ਅਤੇ ਮੈਂਬਰ ਡੀ.ਜੀ.ਪੀ.ਸੀ, ਫ਼ਤਿਹ ਸਿੰਘ ਸੈਕਟਰੀ ਡੀ.ਜੀ.ਪੀ.ਸੀ, ਮੈਂਬਰ ਮਨਮੋਹਨ ਸਿੰਘ ਖ਼ਾਲਸਾ, ਜਗਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਲਗੀਧਰ ਰਿਹੜੀ ਆਦਿ ਹਾਜ਼ਰ ਸਨ।