
ਵੈਟ ਦਰਾਂ ਦੇ ਵਾਧੇ ਦੇ ਵਿਰੋਧ ਅਤੇ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ
ਚੰਡੀਗੜ੍ਹ, 29 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਵੈਟ ਦਰਾਂ ਦੇ ਵਾਧੇ ਦੇ ਵਿਰੋਧ ਅਤੇ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ ਪਟਰੌਲ ਪੰਪ ਮਾਲਕ ਗੁਰਕਿਰਪਾਲ ਸਿੰਘ ਚਾਵਲਾ ਨੂੰ ਇਨਸਾਫ਼ ਦਿਵਾਉਣ ਲਈ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਵਲੋਂ ਇਕ ਰੋਜ਼ਾ ਹੜਤਾਲ ਦੇ ਦਿਤੇ ਸੱਦੇ ਨੂੰ ਪੰਜਾਬ ਭਰ ਵਿਚੋਂ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਪੰਜਾਬ ਦੇ ਕਈ ਸ਼ਹਿਰਾਂ ਵਿਚ ਪਟਰੌਲ ਪੰਪ ਮਾਲਕਾਂ ਵਲੋਂ ਪੰਪ ਪੂਰੀ ਤਰ੍ਹਾਂ ਬੰਦ ਰੱਖੇ ਗਏ ਪਰ ਕਈ ਸ਼ਹਿਰਾਂ ਵਿਚ ਰੋਸ ਪ੍ਰਗਟਾਉਣ ਦੇ ਵਖਰੇ ਤਰੀਕੇ ਅਪਣਾਏ ਗਏ।
ਬਠਿੰਡਾ ਜ਼ਿਲ੍ਹੇ ’ਚ ਸਮੂਹ ਪਟਰੌਲ ਪੰਪ ਖੁਲ੍ਹ ਰਹੇ ਪਰ ਪੰਪ ਮਾਲਕਾਂ ਅਤੇ ਪੰਪ ’ਤੇ ਕੰਮ ਕਰਦੇ ਮੁਲਾਜ਼ਮਾਂ ਨੇ ਦਿਨ ਭਰ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਪ੍ਰਤੀ ਰੋਸ ਪ੍ਰਗਟ ਕੀਤਾ। ਪਟਰੌਲੀਅਮ ਡੀਲਰਜ਼ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਸੁਭਾਸ਼ ਅਗਰਵਾਲ ਅਤੇ ਮੀਤ ਪ੍ਰਧਾਨ ਜਸਵੰਤ ਬਾਂਸਲ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪੈਟਰੋਲ ਡੀਜ਼ਲ ਦੀਆਂ ਵੈਟ ਦਰਾਂ ਘੱਟ ਕਰੇ।
ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ’ਚ ਪੈਟਰੋਲ ਪੰਪ ਮਾਲਕਾਂ ਵਲੋਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀਂ 5 ਵਜੇ ਤਕ ਪਟਰੌਲ ਪੰਪ ਬੰਦ ਰੱਖ ਕੇ ਪੰਜਾਬ ਸਰਕਾਰ ਦੇ ਵਿਰੋਧ ਰੋਸ ਪ੍ਰਗਟ ਕੀਤਾ। ਇਸ ਮੌਕੇ ਪਟਰੌਲ ਪੰਪ ਮਾਲਕ ਦਵਿੰਦਰ ਸਿੰਘ ਨੇ ਕਿਹਾ ਵੈਟ ਦੀਆਂ ਜ਼ਿਆਦਾ ਦਰਾਂ ਹੋਣ ਕਾਰਨ ਲਗਾਤਾਰ ਹੋ ਰਹੇ ਭਾਰੀ ਨੁਕਸਾਨ ਕਰ ਕੇ ਇਕ ਪਟਰੌਲ ਪੰਪ ਮਾਲਕ ਵਲੋਂ ਖ਼ੁਦਕੁਸ਼ੀ ਕਰਨ ਦੇ ਵਿਰੋਧ ’ਚ ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਵਲੋਂ ਇਕ ਰੋਜ਼ਾ ਹੜਤਾਲ ਕਰ ਕੇ ਪੰਜਾਬ ਸਰਕਾਰ ਵਿਰੁਧ ਵੱਡਾ ਰੋਸ ਪ੍ਰਗਟ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ’ਚ ਵੈਟ ਦੀਆਂ ਵਾਧੂ ਦਰਾਂ ਵਾਪਸ ਲੈ ਕੇ ਪਟਰੌਲ ਪੰਪ ਮਾਲਕ ਨੂੰ ਅਤੇ ਲੋਕਾਂ ਨੂੰ ਰਾਹਤ ਦਿਤੀ ਜਾਵੇ। ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਪਟਰੌਲ ਪੰਪਾਂ ਦੇ ਮਾਲਕਾਂ ਵਲੋਂ ਪਟਰੌਲ ਪੰਪ ਬੰਦ ਕਰ ਕੇ ਮੁਕੰਮਲ ਹੜਤਾਲ ਕੀਤੀ ਗਈ। ਪਟਰੌਲ ਪੰਪਾਂ ਦੇ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਨਾਭਾ ਵਿਖੇ ਪਟਰੌਲ ਪੰਪ ਡੀਲਰਾਂ ਵਲੋਂ ਪੰਪਾਂ ਨੂੰ ਬੰਦ ਕਰ ਕੇ ਪੰਜਾਬ ਸਰਕਾਰ ਵਿਰੁਧ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਨਾਭਾ ਦੇ ਪਟਰੌਲੀਅਮ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਜੁਨੇਜਾ ਨੇ ਕਿਹਾ ਕਿ ਇਕ ਪਾਸੇ ਪਟਰੌਲ-ਡੀਜ਼ਲ ਦੀਆਂ ਕੀਮਤਾਂ ਜਿਥੇ ਲਗਾਤਾਰ ਵਧ ਰਹੀਆਂ ਹਨ ਪਰ ਸਾਡੀ ਕਮਿਸ਼ਨ ਬਿਲਕੁਲ ਹੀ ਘੱਟ ਹੈ, ਜਿਸ ਕਾਰਨ ਅਸੀਂ ਚਿੰਤਤ ਹਾਂ। ਉਨ੍ਹਾਂ ਕਿਹਾ ਕਿ ਜਿਥੇ ਕੋਰੋਨਾ ਮਹਾਂਮਾਰੀ ਕਰ ਕੇ ਸਾਰੇ ਹੀ ਕਾਰੋਬਾਰਾਂ ’ਤੇ ਮਾੜਾ ਅਸਰ ਪਿਆ ਹੈ, ਉਥੇ ਹੀ ਪਟਰੌਲ ਪੰਪਾਂ ’ਤੇ ਵੀ ਵਿਕਰੀ ਬਹੁਤ ਘਟੀ ਹੈ।
File Photo
ਚਾਵਲਾ ਨੂੰ ਇਨਸਾਫ਼ ਦਿਵਾਉਣ ਲਈ ਬੰਦ ਰਹੇ ਮੋਹਾਲੀ ਦੇ ਪਟਰੌਲ ਪੰਪ
ਐਸ.ਏ.ਐਸ. ਨਗਰ, 29 ਜੁਲਾਈ (ਸੁਖਦੀਪ ਸਿੰਘ ਸੋਈ) : ਬੀਤੇ ਦਿਨੀਂ ਸਥਾਨਕ ਫੇਜ਼-7 ਦੇ ਚਾਵਲਾ ਪਟਰੌਲ ਪੰਪ ਦੇ ਮਾਲਕ ਗੁਰਕਿਰਪਾਲ ਸਿੰਘ ਚਾਵਲਾ ਵਲੋਂ ਪੰਚਕੂਲਾ ਦੇ ਇਕ ਹੋਟਲ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਚਾਵਲਾ ਪਰਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਦੀ ਹਮਾਇਤ ਅਤੇ ਵੈਟ ਦਰਾਂ ਵਿਚ ਵਾਧੇ ਦੇ ਵਿਰੋਧ ਵਿਚ ਪਟਰੌਲ ਪੰਪ ਡੀਲਰ ਫਰੈਟੀਨਿਟੀ ਪੰਜਾਬ ਦੇ ਸੱਦੇ ’ਤੇ ਅੱਜ ਮੁਹਾਲੀ ਦੇ ਸਮੂਹ ਪਟਰੌਲ ਪੰਪ ਬੰਦ ਰੱਖੇ ਗਏ। ਜ਼ਿਕਰਯੋਗ ਹੈ ਕਿ ਗੁਰਕਿਰਪਾਲ ਸਿੰਘ ਚਾਵਲਾ ਵਲੋਂ ਕੁੱਝ ਦਿਨ ਪਹਿਲਾ ਪੰਚਕੂਲਾ ਦੇ ਰੈੱਡ ਬਿਸ਼ਪ ਹੋਟਲ ਦੇ ਕਮਰੇ ਵਿਚ ਖੁਦਕੁਸ਼ੀ ਕਰ ਲਈ ਸੀ
ਅਤੇ ਉਸ ਹੋਟਲ ਦੇ ਕਮਰੇ ਤੋਂ ਉਨ੍ਹਾਂ ਦਾ ਸੁਸਾਈਡ ਨੋਟ ਵੀ ਬਰਾਮਦ ਹੋਇਆ ਸੀ ਜਿਸ ਵਿਚ ਚਾਵਲਾ ਵਲੋਂ ਕੁੱਝ ਵਿਅਕਤੀਆਂ ਤੇ ਉਨ੍ਹਾਂ ਦੀ ਆਰਥਿਕ ਲੁੱਟ ਕਰਨ ਦਾ ਦੋਸ਼ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਉਹ ਬਦਹਾਲੀ ਦਾ ਸ਼ਿਕਾਰ ਹੋ ਗਏ ਸਨ ਇਸ ਸੁਸਾਇਡ ਨੋਟ ਦੇ ਆਧਾਰ ਤੇ ਇਨ੍ਹਾਂ ਵਿਅਕਤੀਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਸਬੰਧੀ ਦੇ ਪਟਰੌਲ ਪੰਪ ਡੀਲਰ ਫਰੈਟੀਨਿਟੀ ਪੰਜਾਬ ਦੇ ਸੱਦੇ ’ਤੇ ਬੀਤੀ 26 ਜੁਲਾਈ ਨੂੰ ਦੁਪਹਿਰ 12:30 ਤੋਂ 1 ਵਜੇ ਤਕ ਪਟਰੌਲ ਪੰਪਾਂ ਦਾ ਕੰਮ ਬੰਦ ਰਖਿਆ ਗਿਆ ਸੀ ਅਤੇ ਅੱਜ ਸਵੇਰੇ 8 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਪੈਟਰੋਲ ਪੰਪ ਬੰਦ ਰਖੇ ਗਏ ਤਾਂ ਜੋ ਇਸ ਮਾਮਲੇ ਵਿਚ ਇਨਸਾਫ ਮਿਲ ਸਕੇ। ਇਹ ਜਾਣਕਾਰੀ ਮੋਹਾਲੀ ਡਿਸਟ੍ਰਿਕ ਪਟਰੌਲੀਅਮ ਡੀਲਰ ਐਸੋਸੀੲਸ਼²ਨ ਦੇ ਮੀਤ ਪ੍ਰਧਾਨ ਸੋਹਨ ਲਾਲ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦਿਤੀ।