
ਉਹਨਾਂ ਨੇ ਆਪਣੇ ਸੰਪਰਕ ਵਿਚ ਆਏ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ।
ਚੰਡੀਗੜ੍ਹ: ਪੰਜਾਬ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਮੌਤਾਂ ਹੁਸ਼ਿਆਰਪੁਰ, ਲੁਧਿਆਣਾ ਅਤੇ ਮੋਗਾ ਵਿਚ ਹੋਈਆਂ ਹਨ। ਇਸ ਦੇ ਨਾਲ ਹੀ ਜੇਲ੍ਹ ਮੰਤਰੀ ਹਰਜੋਤ ਬੈਂਸ ਤੋਂ ਬਾਅਦ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਉਹਨਾਂ ਨੇ ਆਪਣੇ ਸੰਪਰਕ ਵਿਚ ਆਏ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਜੇਲ੍ਹ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਸੰਪਰਕ ਵਿਚ ਆਏ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਇਕਾਂਤ ਵਿਚ ਹਨ। ਇਸ ਸਮੇਂ ਸੂਬੇ ਵਿਚ 95 ਮਰੀਜ਼ ਆਕਸੀਜਨ ਅਤੇ ਆਈਸੀਯੂ ਵਿਚ ਲਾਈਫ ਸੇਵਿੰਗ ਸਪੋਰਟ 'ਤੇ ਪਹੁੰਚ ਚੁੱਕੇ ਹਨ। ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 526 ਮਾਮਲੇ ਸਾਹਮਣੇ ਆਏ ਹਨ। ਸਕਾਰਾਤਮਕਤਾ ਦਰ ਵੀ ਵਧ ਕੇ 4.49% ਹੋ ਗਈ ਹੈ। ਮੁਹਾਲੀ ਵਿਚ ਸਭ ਤੋਂ ਵੱਧ 100 ਮਰੀਜ਼ ਮਿਲੇ ਹਨ। ਇੱਥੇ ਸਕਾਰਾਤਮਕਤਾ ਦਰ ਵੀ 13.48% ਸੀ। ਦੂਜੇ ਨੰਬਰ 'ਤੇ ਜਲੰਧਰ 'ਚ 74, ਲੁਧਿਆਣਾ 'ਚ 58 ਮਰੀਜ਼ ਮਿਲੇ ਹਨ।
ਇਸ ਦੌਰਾਨ 11,964 ਕੋਵਿਡ ਨਮੂਨੇ ਲੈ ਕੇ 11,721 ਦੀ ਜਾਂਚ ਕੀਤੀ ਗਈ। ਰਾਜ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ ਹੁਣ 2,992 ਹੋ ਗਈ ਹੈ। ਪੰਜਾਬ ਦੇ 8 ਜ਼ਿਲ੍ਹਿਆਂ ਵਿਚ 100 ਤੋਂ ਵੱਧ ਐਕਟਿਵ ਕੇਸ ਸਾਹਮਣੇ ਆਏ ਹਨ। ਸਭ ਤੋਂ ਵੱਧ 721 ਮੁਹਾਲੀ ਵਿਚ ਹਨ। ਜਲੰਧਰ ਵਿਚ 406, ਲੁਧਿਆਣਾ ਵਿਚ 341, ਪਟਿਆਲਾ ਵਿਚ 234, ਬਠਿੰਡਾ ਵਿਚ 216, ਅੰਮ੍ਰਿਤਸਰ ਵਿਚ 174, ਹੁਸ਼ਿਆਰਪੁਰ ਵਿਚ 162 ਅਤੇ ਰੋਪੜ ਵਿਚ 138 ਐਕਟਿਵ ਕੇਸ ਹਨ। ਬਾਕੀ ਜ਼ਿਲ੍ਹਿਆਂ ਵਿਚ ਐਕਟਿਵ ਕੇਸ 100 ਤੋਂ ਘੱਟ ਹਨ।