
ਸ਼੍ਰੋਮਣੀ ਅਕਾਲੀ ਦਲ ਅੰਦਰ ਕਈ ਵੱਡੇ ਆਗੂ ਵੀ ਬਾਗ਼ੀ ਬੋਲ ਬੋਲਣ ਲੱਗੇ
ਕੋਰ ਕਮੇਟੀ ਮੈਂਬਰ ਜਗਮੀਤ ਬਰਾੜ ਨੇ ਵੀ ਕਿਹਾ, ਪਾਰਟੀ ਬਚਾਉਣੀ ਹੈ ਤਾਂ ਪ੍ਰਧਾਨਗੀ ਤਾਂ ਸੁਖਬੀਰ ਨੂੰ ਛਡਣੀ ਹੀ ਪਵੇਗੀ
ਚੰਡੀਗੜ੍ਹ, 29 ਜੁਲਾਈ (ਗੁਰਉਪਦੇਸ਼ ਭੁੱਲਰ) : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਸ਼ਰਮਨਾਕ ਹਾਰ ਅਤੇ ਜ਼ਮਾਨਤ ਜ਼ਬਤ ਹੋ ਜਾਣ ਦੇ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਪ੍ਰਧਾਨਗੀ ਨਾ ਛੱਡੇ ਜਾਣ ਅਤੇ ਪਾਰਟੀ ਅੰਦਰ ਉਠ ਰਹੀ ਮੰਗ ਦੇ ਬਾਵਜੂਦ ਅਹੁਦੇ ਨਾਲ ਚਿੱਮੜੇ ਰਹਿਣ ਕਾਰਨ ਹੁਦ ਸ਼੍ਰੋਮਣੀ ਅਕਾਲੀ ਦਲ ਅੰਦਰ ਕਈ ਵੱਡੇ ਆਗੂ ਵੀ ਬਗ਼ਾਵਤ ਦੀ ਤਿਆਰੀ ਵਿਚ ਹਨ |
ਭਾਵੇਂ ਸੁਖਬੀਰ ਬਾਦਲ ਨੇ ਸਾਰਾ ਜਥੇਬੰਧਕ ਢਾਂਚਾ ਭੰਗ ਕਰ ਦਿਤਾ ਹੈ ਪਰੰਤੁ ਖ਼ੁਦ ਪ੍ਰਧਾਨ ਦੇ ਅਹੁਦੇ 'ਤੇ ਕਾਇਮ ਹਨ | ਪਾਰਟੀ ਵਿਧਾਇਕ ਦਲ ਦਾ ਨੇਤਾ ਮਨਪ੍ਰੀਤ ਸਿੰਘ ਇਆਲੀ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਿੰੰਸੰਘ ਵਡਾਲਾ ਅਤੇ ਐਸਜੀਪੀਸੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਤੋਂ ਬਾਅਦ ਹੁਣ ਕੋਰ ਕਮੇਟੀ ਮੈਂਬਰ ਜਗਮੀਤ ਸਿੰਘ ਬਰਾੜ ਅਤੇ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਦੀ ਨਾਰਾਜ਼ਗੀ ਵੀ ਸਾਹਮਣੇ ਆ
ਗਈ ਹੈ |
ਬੀਤੇ ਦਿਨ ਚੰਦੂਮਾਜਰਾ ਦੀ ਨਾਰਾਜ਼ਗੀ ਦੀਆਂ ਖ਼ਬਰਾਂ ਤੋਂ ਬਾਅਦ ਸੁਖਬੀਰ ਬਾਦਲ ਉਨ੍ਹਾਂ ਦੇ ਘਰ ਮਨਾਉਣ ਗਏ ਸਨ | ਪਰੰਤੂ ਬਹੁਤੀ ਗੱਲ ਨਹੀਂ ਬਣੀ | ਪ੍ਰੋ.ਚੰਦੂਮਾਜਰਾ ਝੂੰਦਾ ਕਮੇਟੀ ਦੀ ਰਿਪੋਰਟ ਸਿੱਧੇ ਹੀ ਕੋਰ ਕਮੇਟੀ ਵਿਚ ਰੱਖੇ ਜਾਣ ਤੋਂ ਨਾਰਾਜ਼ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਸੰਵਿਧਾਨ ਤੇ ਨਿਯਮਾਂ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ | ਇਹ ਰਿਪੋਰਟ ਪਹਿਲਾਂ ਸਮੀਖਿਆ ਕਮੇਟੀ ਕੋਲ ਰੱਖੀ ਜਾਣੀ ਚਾਹੀਦੀ ਸੀ | ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਚੰਦੂਮਾਜਰਾ ਨਾਰਾਜ਼ ਹੋ ਗਏ ਸਨ | ਪਰੰਤੂ ਉਸ ਸਮੇਂ ਸੁਖਬੀਰ ਨੇ ਉਨ੍ਹਾਂ ਨੂੰ ਘਰ ਜਾ ਕੇ ਮਨਾ ਲਿਆ ਸੀ | ਪਰੰਤੂ ਹੁਣ ਪਾਰਟੀ ਦੀਆਂ ਲਗਾਤਾਰ ਹਾਰਾਂ ਤੋਂ ਬਾਅਦ ਹਾਸ਼ੀਏ 'ਤੇ ਚਲੇ ਜਾਣ ਕਾਰਨ ਕਈ ਪ੍ਰਮੁੱਖ ਆਗੂ ਵੀ ਬਾਗ਼ੀ ਹੁੰਦੇ ਦਿਖਾਈ ਦੇ ਰਹੇ ਹਨ | ਪਾਰਟੀ ਲੀਡਰਸ਼ਿੱਪ 'ਚ ਤਬਦੀਲੀ ਦੀ ਮੰਗ ਉਚੀ ਹੋ ਰਹੀ ਹੈ | ਪਾਰਟੀ ਕੋਰ ਕਮੇਟੀ ਦੇ ਮੈਂਬਰ ਜਗਮੀਤ ਬਰਾੜ ਨੇ ਵੀ ਇਹ ਮੰਗ ਚੁਕਦਿਆਂ ਹੁਣ ਸਪਸ਼ਟ ਤੌਰ 'ਤੇ ਕਹਿ ਦਿਤਾ ਹੈ ਕਿ ਪਾਰਟੀ ਲੀਡਰਸ਼ਿੱਪ ਵਿਚ ਤਬਦੀਲੀ ਜ਼ਰੂਰ ਹੈ ਅਤੇ ਪਾਰਟੀ ਨੂੰ ਬਚਾਉਣਾ ਹੈ ਤਾਂ ਸੁਖਬੀਰ ਨੂੰ ਪਾਰਟੀ ਪ੍ਰਧਾਨਗੀ ਛੱਡਣੀ ਹੀ ਪਵੇਗੀ | ਇਸ ਸਮੇਂ ਕੁਰਬਾਨੀ ਅਤੇ ਤਿਆਗ ਦੀ ਲੋੜ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਪ੍ਰਧਾਨ ਦਾ ਕਾਰਜਕਾਲ ਦਸ ਸਾਲ ਦਾ ਹੀ ਹੋਣਾ ਚਾਹੀਦਾ ਹੈ ਅਤੇ ਇਕ ਪ੍ਰਵਾਰ ਇਕ ਟਿਕਟ ਦਾ ਨਿਯਮ ਲਾਗੂ ਕੀਤਾ ਜਾਵੇ |