
ਪੰਜਾਬ ਸਰਕਾਰ ਟਿਕਾਊ ਵਿਕਾਸ ਲਈ ਸਨਅਤਾਂ ਦੀ ਮਦਦ ਕਰੇਗੀ : ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 29 ਜੁਲਾਈ (ਭੁੱਲਰ) : ਪੰਜਾਬ ਦੇ ਮੱਧਮ, ਛੋਟੇ ਅਤੇ ਲਘੂ (ਐਮ.ਐਸ.ਐਮ.ਈ) ਕਲੱਸਟਰਾਂ ਦੇ ਟਿਕਾਊ ਵਿਕਾਸ ਲਈ ਉਦਯੋਗ ਅਤੇ ਸਰਕਾਰ ਨੂੰ ਮਿਲ ਕੇ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਵਿੱਤ, ਯੋਜਨਾ, ਆਬਕਾਰੀ ਤੇ ਕਰ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮਾਨ ਨੇ ਇਕ ਬਹੁਪੱਖੀ ਪਹੁੰਚ ਅਪਣਾਉਣ ਅਤੇ ਉਪਲਬਧ ਵਿਕਾਸ ਸਰੋਤਾਂ ਅਤੇ ਹਿੱਸੇਦਾਰਾਂ ਵਿਚ ਤਾਲਮੇਲ ਰਾਹੀਂ ਮੱਧਮ, ਦਰਮਿਆਨੇ ਅਤੇ ਛੋਟੇ ਪੱਧਰ 'ਤੇ ਵੱਖ-ਵੱਖ ਹਿੱਸੇਦਾਰਾਂ ਨੂੰ ਸਾਮਲ ਕਰਨ ਦੀ ਯੋਜਨਾ ਬਣਾਈ ਹੈ |
ਅੱਜ ਇਥੇ ਯੂ.ਐਨ.ਡੀ.ਪੀ. ਅਤੇ ਐਸੋਚੈਮ (ਉਤਰੀ ਖੇਤਰ ਪਰਿਸ਼ਦ) ਵਲੋਂ ਟਿਕਾਊ ਵਿਕਾਸ ਬਾਰੇ ਖੇਤਰੀ ਉਦਯੋਗ ਸੰਵਾਦ ਦੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੱਧਮ, ਛੋਟੇ ਅਤੇ ਲਘੂ (ਐਮ.ਐਸ.ਐਮ.ਈ) ਕਲੱਸਟਰਾਂ ਦੇ ਟਿਕਾਊ ਵਿਕਾਸ ਲਈ ਉਦਯੋਗ ਅਤੇ ਸਰਕਾਰ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ | ਵਿਤ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿਚ ਮੱਧਮ, ਛੋਟੇ ਅਤੇ ਲਘੂ ਉਦਯੋਗਾਂ ਲਈ ਕਾਰਗਰ ਮਾਹੌਲ ਬਨਾਉਣ ਲਈ ਪੰਜਾਬ ਸਰਕਾਰ ਅਤੇ ਸਮਾਲ ਇੰਡਸਟਰੀਜ ਡਿਵੈਲਪਮੈਂਟ ਬੈਂਕ ਆਫ਼ ਇੰਡੀਆ ਨੇ ਇਕ ਸਮਝੌਤਾ ਸਹੀਬੱਧ ਕੀਤਾ ਹੈ | ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਮਾਈਕ੍ਰੋਫ਼ਾਈਨਾਂਸ ਸੈਕਟਰ ਨੂੰ ਵੱਡੇ ਪੱਧਰ 'ਤੇ ਉਤਸ਼ਾਹਤ ਕਰੇਗੀ ਅਤੇ ਪ੍ਰਾਈਵੇਟ ਮਾਈਕ੍ਰੋਫ਼ਾਈਨਾਂਸ ਆਪਰੇਟਰਾਂ ਲਈ ਢੁਕਵਾਂ ਮਾਹੌਲ ਸਿਰਜਿਆ ਜਾਵੇਗਾ |