
ਵਿਰੋਧੀ ਧਿਰ ਦੇ ਨੇਤਾ ਚੀਮਾ ਦੀ ਅਗਵਾਈ ਹੇਠ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
ਜਲੰਧਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦਲਿਤ ਵਿਦਿਆਰਥੀਆਂ ਦੀ ਕਰੋੜਾਂ ਰੁਪਏ ਦੀ ਵਜੀਫਾ ਰਾਸ਼ੀ ਹੜੱਪਣ ਦੇ ਗੰਭੀਰ ਦੋਸ਼ਾਂ ‘ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਕਰਕੇ ਗਿਰਫਤਾਰ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ 31 ਅਗਸਤ ਨੂੰ ਕਾਂਗਰਸ ਖਿਲਾਫ ਸੂਬਾ ਪੱਧਰੀ ਲੜੀਵਾਰ ਰੋਸ਼ ਪ੍ਰਦਰਸ਼ਨਾਂ ਦੀ ਸ਼ੁਰੂਆਤ ਜਲੰਧਰ ਤੋਂ ਕੀਤੀ ਜਾ ਰਹੀ ਹੈ।
Sadhu Singh Dharmsot
ਪਾਰਟੀ ਦੇ ਸੀਨੀਅਰ ਆਗੂ ਅਤੇ ਗੜਸੰਕਰ ਤੋਂ ਵਿਧਾਇਕ ਜੈ ਸਿੰਘ ਰੋੜੀ, ਜਲੰਧਰ ਤੋਂ ਸੀਨੀਅਰ ਆਗੂ ਡਾ. ਸਿਵ ਦਿਆਲ ਮਾਲੀ, ਹਰਜਿੰਦਰ ਸਿੰਘ ਸਿਚੇਵਾਲ, ਡਾ. ਸੰਜੀਵ ਸ਼ਰਮਾ, ਰਮਨੀਕ ਰੰਧਵਾ ਅਤੇ ਆਤਮ ਪ੍ਰਕਾਸ਼ ਸਿੰਘ ਬਬਲੂ ਨੇ ਸਾਂਝੇ ਬਿਆਨ ਰਾਹੀ ਦੱਸਿਆ ਕਿ ਜਲੰਧਰ ‘ਚ ਹੋਣ ਜਾ ਰਹੇ ਰੋਸ ਧਰਨੇ ਦੀ ਅਗਵਾਈ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਕਰਨਗੇ। ‘ਆਪ’ ਆਗੂਆਂ ਨੇ ਕਾਂਗਰਸ ਦੀ ਅਮਰਿੰਦਰ ਸਿੰਘ ਸਰਕਾਰ ਨੂੰ ਦਲਿਤ ਅਤੇ ਗਰੀਬ ਵਿਰੋਧੀ ਮਾਨਸਿਕਤਾ ਰੱਖਣ ਵਾਲੀ ‘ਰਾਜਸ਼ਾਹੀ’ ਸਰਕਾਰ ਕਰਾਰ ਦਿੱਤਾ।
Captain Amarinder Singh
ਜੈ ਸਿੰਘ ਰੋੜੀ ਨੇ ਕਿਹਾ ਕਿ ਜੇਕਰ ਰਾਜੇ ਦੀ ਸਰਕਾਰ ਨੂੰ ਦਲਿਤਾਂ, ਗਰੀਬਾਂ ਅਤੇ ਆਮ ਘਰਾਂ ਦੇ ਬੱਚਿਆਂ ਦੀ ਤਰੱਕੀ ਪ੍ਰਤੀ ਉਸਾਰੂ ਸੋਚ ਹੁੰਦੀ ਤਾਂ ਨਾ ਕੇਵਲ ਸਾਧੂ ਸਿੰਘ ਧਰਮਸੋਤ ਸਗੋਂ ਆਕਾਲੀ ਭਾਜਪਾ ਸਰਕਾਰ ਦੌਰਾਨ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ‘ਚ ਹੋਏ 1200 ਕਰੋੜ ਰੁਪਏ ਤੋਂ ਵੱਡੇ ਘੁਟਾਲੇ ਦੇ ਦੋਸ਼ੀ ਆਕਾਲੀ ਮੰਤਰੀ ਅਤੇ ਭਿ੍ਰਸ਼ਟ ਅਫਸਰ ਅਤੇ ਪ੍ਰਾਈਵੇਟ ਸਿੱਖਿਆ ਮਾਫੀਆ ਦੇ ਸਾਰੇ ਦਲਾਲ ਹੁਣ ਤੱਕ ਅੰਦਰ ਹੁੰਦੇ।
Scholarship
‘ਆਪ’ ਆਗੂਆਂ ਨੇ ਐਲਾਨ ਕੀਤਾ ਕਿ ਜਦ ਤੱਕ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਉਦੋਂ ਤੱਕ ‘ਆਪ’ ਦਾ ਸਘੰਰਸ਼ ਜਾਰੀ ਰਹੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਕਾਂਗਰਸ, ਬਾਦਲਾਂ ਅਤੇ ਭਾਜਪਾ ਨੇ ਕਿਸ ਤਰਾਂ ਲੱਖਾਂ ਹੋਣਹਾਰ ਬੱਚਿਆਂ ਦੇ ਸੁਨਹਿਰੀ ਭਵਿੱਖ ਦਾ ਕਤਲ ਕਰ ਦਿੱਤਾ।