
ਸਵੀਡਨ ਵਿਚ ਕੁਰਾਨ ਨੂੰ ਲਗਾਈ ਅੱਗ, ਭੜਕੀ ਹਿੰਸਾ
ਨਫ਼ਰਤ ਫੈਲਾਉਣ ਦੇ ਸ਼ੱਕ ਵਿਚ ਤਿੰਨ ਗ੍ਰਿਫ਼ਤਾਰ
ਸਟਾਕਹੋਮ, 30 ਅਗੱਸਤ : ਸਵੀਡਨ 'ਚ ਦਖਣੀਪੰਥੀ ਕਾਰਕੁੰਨਾਂ ਵਲੋਂ ਮੁਸਲਮਾਨਾਂ ਦੇ ਪਵਿੱਤਰ ਗ੍ਰੰਥ ਕੁਰਾਨ ਦੀ ਕਾਪੀ ਸਾੜੇ ਜਾਣ ਦੇ ਕੁਝ ਹੀ ਘੰਟਿਆਂ ਬਾਅਦ ਸਵੀਡਨ ਦਾ ਦਖਣੀ ਸ਼ਹਿਰ ਮਾਲਮੋ ਭੱਖ ਉੱਠਿਆ। ਸੈਂਕੜੇ ਮੁਸਲਮਾਨ ਸੜਕਾਂ 'ਤੇ ਉਤਰ ਆਏ। ਮਜ਼ਹਬੀ ਨਾਅਰਿਆਂ ਵਿਚਾਲੇ ਪੁਲਿਸ ਮੁਲਾਜ਼ਮਾਂ ਤੇ ਬਚਾਅ ਸੇਵਾ ਦੇ ਮੁਲਾਜ਼ਮਾਂ 'ਤੇ ਪੱਥਰ ਤੇ ਸਾਮਾਨ ਸੁੱਟਿਆ ਗਿਆ, ਸੜਕਾਂ 'ਤੇ ਟਾਇਰ ਸਾੜੇ ਗਏ ਤੇ ਜਾਮ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ 15 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਪੁਲਿਸ ਮੁਤਾਬਕ ਸ਼ੁਕਰਵਾਰ ਨੂੰ ਸ਼ਾਮ ਢਲਦਿਆਂ ਹੀ ਅਚਾਨਕ ਕਰੀਬ 300 ਲੋਕਾਂ ਦੀ ਭੀੜ ਜਮ੍ਹਾਂ ਹੋ ਗਈ ਸੀ। ਟਾਇਰ ਸਾੜਨ ਨਾਲ ਪੂਰੇ ਇਲਾਕੇ 'ਚ ਧੂੰਆਂ ਫੈਲ ਗਿਆ। ਪੱਥਰਬਾਜ਼ੀ 'ਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲਗੀਆਂ। ਸਥਿਤੀ 'ਤੇ ਕਾਬੂ ਪਾਉਣ ਲਈ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ।
ਟੀਟੀ ਨਿਊਜ਼ ਏਜੰਸੀ ਮੁਤਾਬਕ ਸ਼ੁਕਰਵਾਰ ਦੁਪਹਿਰ ਪ੍ਰਵਾਸੀ ਬਹੁਤਾਤ ਇਲਾਕੇ ਕੋਲ ਦਖਣਪੰਥੀ ਕਾਰਕੁੰਨਾਂ ਨੇ ਪਵਿੱਤਰ ਗ੍ਰੰਥ ਦੀ ਕਾਪੀ ਸਾੜੀ ਤੇ ਇਸ ਦੀ ਵੀਡੀਉ ਬਣਾ ਕੇ ਆਨਲਾਈਨ ਪੋਸਟ ਕਰ ਦਿਤੀ। ਪੁਲਿਸ ਨੇ ਮੰਨਿਆ ਕਿ ਇਸੇ ਘਟਨਾ ਤੋਂ ਬਾਅਦ ਹਿੰਸਾ ਫੈਲੀ। ਬਾਅਦ 'ਚ ਨਫ਼ਰਤ ਫੈਲਾਉਣ ਦੇ ਸ਼ੱਕ 'ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਮੀਡੀਆ ਦੀਆਂ ਖ਼ਬਰਾਂ 'ਚ ਕਿਹਾ ਗਿਆ ਹੈ ਕਿ ਇਕ ਦਖਣੀਪੰਥੀ ਆਗੂ ਰੈਸਮਸ ਪਾਲੁਦਨ ਦੀ ਗ੍ਰਿਫ਼ਤਾਰੀ ਵਿਰੁਧ ਉਨ੍ਹਾਂ ਦੇ ਹਮਾਇਤੀਆਂ 'ਚ ਅਜਿਹੀ ਹਰਕਤ ਕੀਤੀ ਸੀ। ਇਸੇ ਜਗ੍ਹਾ 'ਤੇ ਬਾਅਦ 'ਚ ਵਿਰੋਧ ਪ੍ਰਦਰਸ਼ਨ ਕਾਰਨ ਸਥਿਤੀ ਤਣਾਅਪੂਰਨ ਹੋ ਗਈ ਤੇ ਦੰਗਾ ਹੋ ਗਿਆ। ਪਾਲੁਦਨ ਨੇ ਮਾਲਮੋ ਸ਼ਹਿਰ 'ਚ 'ਨਾਰਡਿਕ ਦੇਸ਼ਾਂ 'ਚ ਇਸਲਾਮੀਕਰਨ' ਵਿਸ਼ੇ 'ਤੇ ਕਰਵਾਈ ਇਕ ਬੈਠਕ 'ਚ ਹਿੱਸਾ ਲੈਣਾ ਸੀ। ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿਤੀ ਗਈ ਤੇ ਸਵੀਡਨ ਸਰਹੱਦ 'ਤੇ ਹੀ ਰੋਕ ਦਿਤਾ ਗਿਆ। ਪ੍ਰਸ਼ਾਸਨ ਨੂੰ ਡਰ ਸੀ ਕਿ ਪਾਲੁਦਨ ਦੇ ਆimageਉਣ ਨਾਲ ਮਾਲਮੋ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ। (ਪੀਟੀਆਈ)