
ਮੁਹੱਲਾ ਓਕਾਂਰ ਨਗਰ ਵਿਚ ਲੜਾਈ-ਝਗੜੇ ਦੌਰਾਨ ਪਰਿਵਾਰ ਵੱਲੋਂ ਆਪਣੇ ਹੀ ਜਵਾਈ ਦਾ ਗਲਾ ਕੱਟ ਕੇ ਕਤਲ
ਫਗਵਾੜਾ : ਮੁਹੱਲਾ ਓਕਾਂਰ ਨਗਰ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦ ਲੜਾਈ-ਝਗੜੇ ਦੌਰਾਨ ਇਕ ਪਰਿਵਾਰ ਵੱਲੋਂ ਆਪਣੇ ਹੀ ਜਵਾਈ ਦਾ ਗਲਾ ਕੱਟ ਕੇ ਕਤਲ ਕਰ ਦਿਤਾ ਗਿਆ। ਮਰਨ ਵਾਲੇ ਦੀ ਪਹਿਚਾਨ ਉਮੇਸ਼ ਕੁਮਾਰ ਵਸਨੀਕ ਸੀ.ਆਰ.ਪੀ. ਕਲੋਨੀ ਦੇ ਰੂਪ ਵਿਚ ਹੋਈ ਹੈ। ਮੌਕੇ ਤੇ ਥਾਣਾ ਸਿਟੀ ਪੁਲਿਸ ਦੇ ਇੰਚਾਰਜ ਜਤਿੰਦਰਜੀਤ ਸਿੰਘ ਅਤੇ ਫਗਵਾੜਾ ਦੇ ਏ.ਐਸ.ਪੀ. ਸੰਦੀਪ ਮਲਿਕ ਪੁੱਜੇ ਤਾਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨਾਂ ਦੀ ਕੁੜੀ ਨੂੰ ਜ਼ਬਰਦਸਤੀ ਭਜਾਉਣ ਦੇ ਇਰਾਦੇ ਨਾਲ ਇਕ ਵਿਅਕਤੀ ਉਨਾਂ ਦੇ ਘਰ ਆ ਪੁੱਜਾ।
ਕੁੜੀ ਵੱਲੋਂ ਚੀਕ-ਚਿਹਾੜਾ ਪਾਇਆ ਗਿਆ ਤਾਂ ਮੁੱਹਲਾਂ ਵਾਲਿਆਂ ਨੇ ਵੀ ਇਹ ਰੌਲਾ ਸੁਣਿਆ। ਇਸੇ ਦੌਰਾਨ ਕੁੜੀ ਦਾ ਭਰਾ ਰਮੇਸ਼ ਕੁਮਾਰ ਘਰ ਪਹੁੰਚਿਆ ਤਾਂ ਉਸਦੀ ਉਨਾਂ ਨਾਲ ਲੜਾਈ ਹੋ ਗਈ। ਆਪਸੀ ਲੜਾਈ ਦੇ ਦੌਰਾਨ ਘਰ ਵਿਚ ਹੀ ਪਏ ਇਕ ਤੇਜ਼ਧਾਰ ਹਥਿਆਰ ਨਾਲ ਰਮੇਸ਼ ਨੇ ਉਮੇਸ਼ ਦੇ ਗਲੇ ਤੇ ਵਾਰ ਕੀਤਾ, ਜਿਸ ਕਾਰਣ ਉਮੇਸ਼ ਕੁਮਾਰ (26) ਪੁੱਤਰ ਉਮਾ ਸ਼ੰਕਰ ਦੀ ਮੌਕੇ ਤੇ ਹੀ ਮੌਤ ਹੋ ਗਈ। ਉਮੇਸ਼ ਕੁਮਾਰ ਦੀ ਜੇਬ ਤੋਂ ਨਿਕਲੇ ਉਸਦੇ ਪਛਾਣ-ਪੱਤਰ ਤ ਲਿਖੇ ਪਤੇ ਰਾਂਹੀ ਪੁਲਿਸ ਉਸਦੇ ਘਰ ਸੀ.ਆਰ.ਪੀ. ਕਲੋਨੀ ਪਹੁੰਚੀ ਤਾਂ ਉਮੇਸ਼ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ ਜੋ ਗੱਲਾਂ ਸਾਹਮਣੇ ਆਈਆਂ, ਉਹ ਹੈਰਾਨੀਜਨਕ ਸਨ।
Murder Case
ਉਮੇਸ਼ ਕੁਮਾਰ ਦਾ ਜੀਜਾ ਜੋ ਕਿ ਸ਼ਿਵ ਸੈਨਾ ਦਾ ਵਰਕਰ ਵੀ ਹੈ, ਨੇ ਦਸਿਆ ਕਿ ਮੱਹਲਾ ਓਕਾਂਰ ਨਗਰ ਵਿਚ ਇਹ ਘਰ ਅਜੀਤ ਕੁਮਾਰ ਦਾ ਹੈ ਅਤੇ ਉਸਦੀ ਕੁੜੀ ਦੇ ਨਾਲ ਉਸਦੇ ਸਾਲੇ ਉਮੇਸ਼ ਕੁਮਾਰ ਦੇ ਪ੍ਰੇਮ ਸਬੰਧ ਸਨ। ਇਸੇ ਦੌਰਾਨ ਲਗਭਗ 2 ਮਹੀਨੇ ਪਹਿਲਾਂ ਉਮੇਸ਼ ਅਤੇ ਇਨਾਂ ਦੀ ਬੇਟੀ ਨੇ ਪਾਨੀਪਤ ਜਾ ਕੇ ਬਾਕਾਇਜਾ ਕੋਰਟ ਮੈਰਿਜ ਵੀ ਕਰਵਾ ਲਈ ਸੀ। ਉਸਦਾ ਸਾਲਾ ਕੰਮਕਾਜ ਦੇ ਕਾਰਣ ਪਾਨੀਪਤ ਹੀ ਰਹਿੰਦਾ ਸੀ ਜਿਸ ਕਾਰਣ ਇਹ ਦੋਵੇਂ ਵੀ ਉਥੇ ਹੀ ਰਹਿਣ ਲਗੇ। ਪਾਂਡੇ ਨੇ ਦਸਿਆ ਕਿ ਇਨਾਂ 2 ਮਹੀਨਿਆਂ ਦੌਰਾਨ ਕੁੜੀ ਆਪਣੇ ਮਾਤਾ-ਪਿਤਾ ਨਾਲ ਗੱਲਬਾਤ ਕਰਦੀ ਰਹੀ ਤੇ ਕਦੇ-ਕਦੇ ਉਮੇਸ਼ ਦੇ ਨਾਲ ਵੀ ਗੱਲ ਹੋ ਜਾਇਆ ਕਰਦੀ ਸੀ।
ਕੁੜੀ ਦੇ ਪਰਿਵਾਰ ਵਾਲਿਆਂ ਨੇ ਫੋਨ ਤੇ ਇਨਾਂ ਦੋਨਾਂ ਨੂੰ ਇਹ ਕਹਿ ਕੇ ਫਗਵਾੜਾ ਬੁਲਾਇਆ ਸੀ ਕਿ ਉਨਾਂ ਦੋਹਾਂ ਦਾ ਵਿਆਹ ਪੂਰੇ ਰੀਤੀ-ਰਿਵਾਜ਼ਾਂ ਨਾਲ ਕਰਵਾਉਣਾ ਚਾਹੁੰਦੇ ਹਨ। ਕੁਝ ਦਿਨ ਪਹਿਲਾਂ ਇਹ ਦੋਨੇ ਪਾਨੀਪਤ ਤੋਂ ਫਗਵਾੜਾ ਆ ਗਏ ਤੇ ਸਵੇਰੇ ਉਮੇਸ਼ ਅਪਣੇ ਸੁਹਰੇ ਘਰ ਮੁਹੱਲਾ ਓਕਾਂਰ ਨਗਰ ਵਿਖੇ ਪਹੁੰਚਿਆਂ ਤਾਂ ਪਹਿਲਾਂ ਤੋਂ ਹੀ ਪੂਰੀ ਪਲਾਨਿੰਗ ਨਾਲ ਬੈਠੇ ਉਮੇਸ਼ ਦੇ ਸੁਹਰੇ ਵਾਲਿਆਂ ਨੇ ਉਸਨੂੰ ਫੜ ਕੇ ਉਸਦਾ ਕਤਲ ਕਰ ਦਿਤਾ। ਪੁਲਿਸ ਵੱਲੋਂ ਮੌਕੇ ਤੇ ਹੀ ਚਾਰੇ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।