
ਨਵਜੋਤ ਸਿੱਧੂ ਦੀ ਸਰਗਰਮੀ ਨੂੰ ਲੈ ਕੇ ਕਿਆਸ-ਅਰਾਈਆਂ ਦਾ ਬਾਜ਼ਾਰ ਗਰਮ
ਚੰਡੀਗੜ੍ਹ : ਮੋਦੀ ਸਰਕਾਰ ਵਲੋਂ ਪਿਛਲੇ ਦਿਨਾਂ 'ਚ ਸੰਸਦ ਵਿਚ ਪਾਸ ਕਰਵਾਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ 'ਚ ਪੰਜਾਬ ਵਿਚ ਕਿਸਾਨਾਂ ਵਲੋਂ ਵਿੱਢੇ ਸੰਘਰਸ਼ ਦੌਰਾਨ ਸਾਬਕਾ ਮੰਤਰੀ ਨਵਜੋਤ ਸਿੱਧੂ ਮੁੜ ਸਿਆਸੀ ਚਰਚਾ ਦੇ ਕੇਂਦਰ ਬਿੰਦੂ ਵਿਚ ਆ ਗਏ ਹਨ। ਪਹਿਲੀ ਵਾਰ ਸਿੱਧੇ ਤੌਰ 'ਤੇ ਕਿਸਾਨਾਂ ਨੂੰ ਸਿਆਸੀ ਪਿੜ 'ਚ ਆਉਣ ਦਾ ਸੱਦਾ ਦੇਣ ਤੋਂ ਬਾਅਦ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਨਵੇਂ ਬਣਨ ਵਾਲੇ ਸਮੀਕਰਨ ਦਿਖ਼ਾਈ ਦੇਣ ਲੱਗੇ ਹਨ।
Navjot Sidhu
ਬੇਸ਼ੱਕ ਅੱਜ ਇਕ ਵਿਸ਼ੇਸ਼ ਇੰਟਰਵਿਊ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸ੍ਰੀ ਸਿੱਧੂ ਨੂੰ ਪਾਰਟੀ ਦਾ ਚਿਹਰਾ ਦਸਿਆ ਹੈ ਪ੍ਰੰਤੂ ਸਿਆਸੀ ਮਾਹਰਾਂ ਮੁਤਾਬਕ ਪਾਰਟੀ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੇ ਛੱਤੀ ਦੇ ਅੰਕੜੇ ਮੁਤਾਬਕ ਬਿਨ੍ਹਾਂ ਕਿਸੇ ਵੱਡੀ ਜ਼ਿੰਮੇਵਾਰੀ ਦੇ ਉਕਤ ਆਗੂ ਦਾ ਪਾਰਟੀ ਅੰਦਰ ਸਰਗਰਮ ਹੋਣਾ ਕਾਫ਼ੀ ਸ਼ੱਕੀ ਜਾਪ ਰਿਹਾ ਹੈ।
Harish Rawat
ਹਾਲਾਂਕਿ ਅਕਾਲੀਆਂ ਦੇ ਭਾਜਪਾ ਨਾਲੋਂ ਵੱਖ ਹੋਣ ਤੋਂ ਬਾਅਦ ਨਵਜੋਤ ਸਿੱਧੂ ਦੇ ਮੁੜ ਭਾਜਪਾ 'ਚ ਸ਼ਾਮਲ ਹੋਣ ਦੀਆਂ ਚੱਲ ਰਹੀਆਂ ਕਿਆਸਅਰਾਈਆਂ ਦੌਰਾਨ ਉਨ੍ਹਾਂ ਵਲੋਂ ਕਿਸਾਨਾਂ ਦੇ ਹੱਕ 'ਚ ਲਏ ਸਪੱਸ਼ਟ ਸਟੈਂਡ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਨਵੇਂ ਸਿਆਸੀ ਸਮੀਕਰਨ ਬਣਨ ਦੀ ਸੰਭਾਵਨਾ ਪੈਦਾ ਹੋ ਗਈ ਹੈ। ਸਿਆਸੀ ਮਾਹਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਹੁਣ ਤਕ ਦੀ ਸਥਿਤੀ ਮੁਤਾਬਕ ਨਵਜੋਤ ਸਿੱਧੂ ਹੀ ਕੇਂਦਰੀ ਧੁਰਾ ਬਣੇ ਰਹਿ ਸਕਦੇ ਹਨ। ਉਨ੍ਹਾਂ ਦੀ ਅਗਵਾਈ ਵਾਲੀ ਪਾਰਟੀ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਤੋਂ ਬਾਅਦ ਮਿਲੀ ਲੋਕਪ੍ਰਿਅਤਾ ਚੋਣਾਂ ਜਿੱਤਣ ਵਿਚ ਵੱਡੀ ਭੂਮਿਕਾ ਨਿਭਾ ਸਕਦੀ ਹੈ।
Navjot Singh Sidhu
ਮਾਹਰਾਂ ਮੁਤਾਬਕ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਸਿੱਧੂ ਦੀ ਸਿਆਸੀ ਸਥਿਤੀ ਕਾਂਗਰਸ ਅੰਦਰ ਰਹੀ ਹੈ, ਉਸ ਨੂੰ ਵਾਚਣ ਤੋਂ ਬਾਅਦ ਇਹ ਗੱਲ ਹਕੀਕਤ ਵਿਚ ਬਦਲਦੀ ਨਜ਼ਰ ਆਉਂਦੀ ਹੈ ਕਿ ਉਨ੍ਹਾਂ ਵਲੋਂ ਇਕ ਨਵਾਂ ਪਲੇਟਫ਼ਾਰਮ ਦਿਤਾ ਜਾ ਸਕਦਾ ਹੈ। ਉਂਜ ਇਸ ਪਲੇਟਫ਼ਾਰਮ ਦਾ ਇਸ਼ਾਰਾ ਉਨ੍ਹਾਂ ਵਲੋਂ ਅਪਣਾ ਯੂ-ਟਿਊਬ ਚੈਨਲ 'ਜਿੱਤੇਗਾ ਪੰਜਾਬ' ਨੂੰ ਸ਼ੁਰੂ ਕਰਨ ਤੋਂ ਵੀ ਮਿਲਦਾ ਹੈ। ਇਸ ਪਲੇਟਫ਼ਾਰਮ ਵਿਚ ਨਾ ਸਿਰਫ਼ ਆਪ ਦੇ ਬਾਗੀ ਗਰੁੱਪ ਖਹਿਰਾ ਅਤੇ ਬੈਂਸ ਭਰਾ ਸ਼ਾਮਲ ਹੋ ਸਕਦੇ ਹਨ, ਬਲਕਿ ਅੰਦਰਖ਼ਾਤੇ ਅਸੰਤੁਸ਼ਟ ਬੈਠੇ ਕਾਂਗਰਸ ਦੇ ਕਰੀਬ ਦੋ ਦਰਜਨ ਵਿਧਾਇਕ ਵੀ ਸਮਾਂ ਆਉਣ 'ਤੇ ਪਲਟੀ ਮਾਰ ਸਕਦੇ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਕਿਸੇ ਹੱਦ ਤੱਕ ਸਿੱਧੂ ਦੇ ਨਾਲ ਸਿਆਸੀ ਗਠਜੋੜ ਕਰ ਕੇ ਚੋਣ ਮੈਦਾਨ ਵਿਚ ਨਿੱਤਰ ਸਕਦੀ ਹੈ। ਅਜਿਹੀ ਹਾਲਤ ਵਿਚ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਨਵਾਂ ਸਿਆਸੀ ਰਿਕਾਰਡ ਬਣ ਸਕਦਾ ਹੈ।
Navjot singh sidhu
ਬੇਸ਼ੱਕ ਦੂਜੇ ਪਾਸੇ ਸਾਰੀਆਂ ਸਿਆਸੀ ਸਥਿਤੀਆਂ ਨੂੰ ਭਾਂਪਦਿਆਂ ਕਿਸਾਨਾਂ ਦੇ ਸੰਘਰਸ਼ ਰਾਹੀ ਤੀਜ਼ੀ ਵਾਰ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਦੀ ਉਮੀਦ ਲਗਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਵੀ ਇਨ੍ਹਾਂ ਸਿਆਸੀ ਰਮਜ਼ਾਂ ਤੋਂ ਅਣਭੁੱਲ ਨਹੀਂ ਹਨ ਪ੍ਰੰਤੂ ਮਾਹਰਾਂ ਮੁਤਾਬਕ ਸਿਆਸਤ 'ਚ ਖੂਨ ਵਿਚ ਰਚੀ ਹੋਣ ਦੇ ਚਲਦੇ ਉਹ ਵੀ ਛੇਤੀ ਕੀਤਿਆਂ ਹਥਿਆਰ ਸੁੱਟਣ ਵਾਲੇ ਨਹੀਂ ਹਨ। ਜਦਕਿ ਭਾਜਪਾ ਤੋਂ ਵੱਖ ਹੋਣ ਤੋਂ ਬਾਅਦ ਸੁਬੇ ਵਿਚ ਅਪਣੀ ਸਿਆਸੀ ਜਮੀਨ ਤਲਾਸ਼ ਰਹੇ ਸ਼੍ਰੋਮਣੀ ਅਕਾਲੀ ਦਲ ਲਈ 2022 ਦੀ ਵਾਟ ਕਾਫ਼ੀ ਲੰਮੇਰੀ ਜਾਪਣ ਲੱਗੀ ਹੈ ਜਦਕਿ ਬਾਦਲਾਂ ਨਾਲੋਂ ਵੱਖ ਹੋ ਕੇ ਭਾਜਪਾ ਦੀਆਂ ਪੋੜੀਆਂ ਦੇ ਸਹਾਰੇ ਅਪਣੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਣ ਦੀ ਯੋਜਨਾ ਲੈ ਕੇ ਨਿਕਲੇ ਸੁਖਦੇਵ ਸਿੰਘ ਢੀਂਡਸਾ ਲਈ ਵੀ ਪੰਜਾਬ ਦੇ ਕਿਸਾਨਾਂ ਲਈ ਅਛੂਤ ਬਣੀ ਭਾਜਪਾ ਨਾਲ ਰਲਣਾ ਕਾਫ਼ੀ ਸੌਖਾ ਕੰਮ ਨਹੀਂ ਰਿਹਾ ਹੈ। ਅਜਿਹੀ ਹਾਲਾਤ ਵਿਚ ਪੰਜਾਬ ਦੀਆਂ ਹੋਰਨਾਂ ਛੋਟੀਆਂ ਸਿਆਸੀ ਪਾਰਟੀਆਂ ਨਵਜੋਤ ਸਿੱੱੱਧੂ ਦੀ ਅਗਵਾਈ ਹੇਠ ਇਕੱਠੀਆਂ ਹੋ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਲਈ ਸਾਂਝਾ ਹੰਭਲਾ ਮਾਰ ਸਕਦੀਆਂ ਹਨ।