
ਕਿਸਾਨਾਂ ਨਾਲ ਰਾਹੁਲ ਗਾਂਧੀ ਦੀ 'ਦਿਲ ਦੀ ਗੱਲ'
ਨਵੀਂ ਦਿੱਲੀ, 29 ਸਤੰਬਰ : ਖੇਤੀਬਾੜੀ ਸਬੰਧੀ ਕਾਨੂੰਨਾਂ ਵਿਰੁਧ ਕਾਂਗਰਸ ਅਤੇ ਕਈ ਹੋਰ ਵਿਰੋਧੀ ਦਲਾਂ ਨੇ ਕੇਂਦਰ ਸਰਕਾਰ ਵਿਰੁਧ ਮੋਰਚਾ ਖੋਲ੍ਹ ਦਿਤਾ ਹੈ। ਕਾਂਗਰਸ ਆਗੂਆਂ ਨੇ ਐਲਾਨ ਕੀਤਾ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣਗੇ। ਇਸੇ ਵਿਰੋਧ ਦਰਮਿਆਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬਿਲ ਨੂੰ ਲੈ ਕੇ ਕਿਸਾਨਾਂ ਦੇ 'ਦਿਲ ਦੀ ਗੱਲ' ਜਾਣੀ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨ ਭਰਾਵਾਂ ਦੀ ਆਵਾਜ਼ ਦੇਸ਼ ਨੂੰ ਆਜ਼ਾਦੀ ਦਿਵਾ ਸਕਦੀ ਹੈ। ਕਾਂਗਰਸ ਪਾਰਟੀ ਨੇ ਅੱਜ ਰਾਹੁਲ ਗਾਂਧੀ ਅਤੇ ਕਿਸਾਨਾਂ ਦੇ ਦਰਮਿਆਨ ਦੀ ਗੱਲਬਾਤ ਦਾ ਵੀਡੀਉ ਜਾਰੀ ਕੀਤਾ। ਇਸ 'ਚ ਰਾਹੁਲ ਗਾਂਧੀ ਦੁਆਰਾ ਕਿਸਾਨਾਂ ਤੋਂ ਪੁੱਛਣ 'ਤੇ ਕਿ ਤੁਹਾਨੂੰ ਕਿਉਂ ਲਗ ਰਿਹਾ ਹੈ ਕਿ ਐਮ.ਐਸ.ਪੀ. ਚਲੀ ਜਾਵੇਗੀ। ਇਸ 'ਤੇ ਕਿਸਾਨਾਂ ਨੇ ਜਵਾਬ ਦਿਤਾ ਕਿ ਜੇਕਰ ਖੇਤੀਬਾੜੀ ਕਾਨੂੰਨ ਕਿਸਾਨਾ ਦੇ ਹਿੱਤ 'ਚ ਹੈ ਤਾਂ ਸਰਕਾਰ ਐਮ.ਐਸ.ਪੀ. ਲਈ ਕਾਨੂੰਨ ਕਿਉਂ ਨਹੀਂ ਬਣਾਉਂਦੀ ? ਇਸ 'ਤੇ ਰਾਹੁਲ ਨੇ ਕਿਹਾ ਕਿ ਕਿਸਾਨ ਦੀ ਆਵਾਜ਼ ਨਾਲ ਹੀ ਹਿੰਦੁਸਤਾਨ ਆਜ਼ਾਦ ਹੋਇਆ ਅਤੇ ਅੱਜ ਇਕ ਵਾਰ ਫਿਰ ਕਿਸਾਨ ਦੀ ਆਵਾਜ਼ ਨਾਲ ਹਿੰਦੁਸਤਾਨ ਆਜ਼ਾਦ ਹੋਵੇਗਾ। ਕਾਂਗਰਸ ਆਗੂਆਂ ਨੇ ਸੋਮਵਾਰ ਨੂੰ ਵੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ 'ਤੇ ਦੋਸ਼ ਲਗਾਇਆ ਸੀ ਕਿ ਕਿਸਾਨਾਂ ਦੀ ਆਵਾਜ਼ ਸੰਸਦ ਅਤੇ ਬਾਹਰ ਦੋਵੇਂ ਜਗ੍ਹਾ ਦਬਾਈ ਜਾ ਰਹੀ ਹੈ। (ਏਜੰਸੀ)