
ਅਕਾਲੀ ਦਲ ਨੇ ਆਪਣੇ ਨਿੱਜੀ ਮੁਫਾਦਾਂ ਲਈ ਤੋੜਿਆ ਪਵਿੱਤਰ ਗਠਜੋੜ : ਮਲਿਕ
ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ੁਰੂ ਹੋਇਆ ਕਿਸਾਨੀ ਸੰਘਰਸ਼ ਜਿੱਥੇ ਦੇਸ਼-ਵਿਆਪੀ ਹੁੰਦਾ ਜਾ ਰਿਹਾ ਹੈ, ਉਥੇ ਹੀ ਸਥਾਨਕ ਸਿਆਸੀ ਦਲਾਂ ਦੇ ਨਾਲ-ਨਾਲ ਕੌਮੀ ਪਾਰਟੀਆਂ ਨੇ ਵੀ ਇਸ 'ਚ ਸ਼ਮੂਲੀਅਤ ਅਰੰਭ ਦਿਤੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਵੀ ਪੰਜਾਬ 'ਚ ਤਿੰਨ ਦਿਨ ਰਹਿ ਕੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨੀ ਸੰਘਰਸ਼ 'ਚ ਸਾਥ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਸਮੇਤ ਦੂਜੀਆਂ ਕੌਮੀ ਪਾਰਟੀਆਂ ਦੇ ਆਗੂਆਂ ਦੀ ਐਂਟਰੀ ਦੇ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ 23 ਸਾਲਾਂ ਤੋਂ ਚਲਿਆ ਆ ਰਿਹਾ ਅਕਾਲੀ-ਭਾਜਪਾ ਗਠਜੋੜ ਕਿਸਾਨੀ ਸੰਘਰਸ਼ ਦੀ ਭੇਂਟ ਚੜ੍ਹ ਚੁਕਿਆ ਹੈ। ਕੱਲ੍ਹ ਤਕ ਇਕ-ਦੂਜੇ ਦੇ ਸਾਥ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਣ ਵਾਲੇ ਇਸ ਗਠਜੋੜ ਦੇ ਆਗੂ ਹੁਣ ਇਕ-ਦੂਜੇ ਨੂੰ ਭੰਡਣ ਲੱਗੇ ਹਨ।
Sukhbir Badal
ਖ਼ਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰ ਸਰਕਾਰ ਸਮੇਤ ਭਾਜਪਾ 'ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਬੀਤੇ ਕੱਲ੍ਹ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਅਪਣੀ ਮੋਗਾ ਫੇਰੀ ਦੌਰਾਨ ਭਾਜਪਾ ਨੂੰ ਉਸ ਦੇ ਪੁਰਾਣੇ ਦਿਨ ਯਾਦ ਕਰਵਾਉਂਦਿਆਂ ਅਪਣੇ ਅਹਿਸਾਨਾਂ ਦਾ ਮਿਹਣਾ ਮਾਰਿਆ ਸੀ। ਸੁਖਬੀਰ ਬਾਦਲ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦਾ ਪੰਜਾਬ 'ਚ ਅਧਾਰ ਨਾ ਹੋਣ ਦੇ ਬਾਵਜੂਦ ਉਸ ਦਾ ਸਾਥ ਦਿਤਾ ਸੀ, ਜਦਕਿ ਅੱਜ ਭਾਜਪਾ ਕਿਸਾਨੀ ਮੁੱਦੇ 'ਤੇ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ।
Harsimrat Kaur Badal
ਇਸੇ ਤਰ੍ਹਾਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ 'ਤੇ ਕਿਸਾਨਾਂ ਦਾ ਪੱਖ ਨਾ ਸੁਣਨ ਨੂੰ ਲੈ ਕੇ ਵੱਡੇ ਹਮਲੇ ਕੀਤੇ ਸਨ। ਬੀਬੀ ਹਰਸਿਮਰਤ ਕੌਰ ਬਾਦਲ ਨੇ ਇਕ ਇਕੱਠ ਦੌਰਾਨ ਪ੍ਰਧਾਨ ਮੰਤਰੀ ਮੋਦੀ ਵਲੋਂ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਸਾਲ 2011 'ਚ ਉਸ ਸਮੇਂ ਦੀ ਡਾ. ਮਨਮੋਹਨ ਸਿੰਘ ਸਰਕਾਰ ਵੱਲ ਲਿਖੇ ਪੱਤਰ ਦਾ ਹਵਾਲਾ ਦਿਤਾ ਜਿਸ 'ਚ ਉਨ੍ਹਾਂ ਨੇ ਡਾ. ਮਨਮੋਹਨ ਸਿੰਘ ਦੀ ਸਰਕਾਰ ਨੂੰ ਘੱਟੋ ਘੱਟ ਸਮਰਥਨ ਮੁੱਲ ਪ੍ਰਣਾਲੀ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਕਰਨ ਦੀ ਗੱਲ ਕੀਤੀ ਸੀ। ਹਰਸਿਮਰਤ ਕੌਰ ਨੇ ਸਵਾਲ ਕੀਤਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਵੇਲੇ ਖੁਦ ਘੱਟੋ ਘੱਟ ਸਮਰਥਨ ਮੁੱਲ ਨਾਲ ਛੇੜਛਾੜ ਦਾ ਵਿਰੋਧ ਕਰ ਚੁੱਕੇ ਹਨ ਤਾਂ ਅੱਜ ਕਿਸਾਨਾਂ ਦੀ ਗੱਲ ਸੁਣੇ ਬਗੈਰ ਅਜਿਹਾ ਕਿਉਂ ਕਰ ਰਹੇ ਹਨ।
Harsimrat Kaur Badal and Sukhbir Singh Badal
ਅਕਾਲੀ ਆਗੂਆਂ ਦੇ ਭਾਜਪਾ 'ਤੇ ਕੀਤੇ ਜਾ ਰਹੇ ਹਮਲਿਆਂ ਦਾ ਮੋੜਵਾਂ ਜਵਾਬ ਦੇਣ ਲਈ ਭਾਜਪਾ ਆਗੂਆਂ ਨੇ ਮੋਰਚਾ ਖੋਲ੍ਹ ਦਿਤਾ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਜਿੰਨਾ ਸਨਮਾਨ ਅਕਾਲੀ ਦਲ ਨੂੰ ਐੱਨ. ਡੀ. ਏ. ਵਿਚ ਮਿਲਿਆ ਹੈ, ਉਨਾ ਕਿਸੇ ਹੋਰ ਨੂੰ ਨਹੀਂ ਮਿਲਿਆ। ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਲਿਕ ਨੇ ਕਿਹਾ ਕਿ ਅਕਾਲੀ ਦਲ ਨੇ ਆਪਣੇ ਨਿੱਜੀ ਮੁਫਾਦਾਂ ਲਈ ਇਹ ਪਵਿੱਤਰ ਗਠਜੋੜ ਤੋੜਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਸਣੇ ਕਈ ਨੇਤਾ ਪਹਿਲਾਂ ਖੇਤੀ ਕਾਨੂੰਨਾਂ ਦਾ ਸਮਰਥਨ ਕਰਦੇ ਰਹੇ ਅਤੇ ਹੁਣ ਵਿਰੋਧ ਵਿਚ ਉਤਰ ਆਏ ਹਨ।
Shwet Malik
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨ ਹਿਤੈਸ਼ੀ ਦਸਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਦੇ ਵੀ ਕੋਈ ਫ਼ੈਸਲਾ ਕਿਸਾਨਾਂ ਦੇ ਖ਼ਿਲਾਫ਼ ਨਹੀਂ ਲੈ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀ 6000 ਰੁਪਏ ਸਾਲਾਨਾ ਪੈਨਸ਼ਨ ਲੱਗੀ ਹੈ ਤਾਂ ਉਹ ਸਿਰਫ਼ ਮੋਦੀ ਸਰਕਾਰ ਸਮੇਂ ਹੀ ਲੱਗੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਐਕਟਾਂ ਨਾਲ ਕਿਸਾਨ ਨੂੰ ਨਹੀਂ ਸਗੋਂ ਵਿਚੋਲੀਆ ਨੂੰ ਮਾਰ ਪਈ ਹੈ ਜਦਕਿ ਕਿਸਾਨ ਨੂੰ ਸਿੱਧਾ-ਸਿੱਧਾ ਫਾਇਦਾ ਹੋਇਆ ਹੈ। ਮਲਿਕ ਨੇ ਕਿਹਾ ਕਿ ਅੱਜ ਪਹਿਲੀ ਵਾਰ ਕਿਸਾਨ ਨੂੰ ਆਜ਼ਾਦੀ ਮਿਲੀ ਹੈ ਅਤੇ ਇਸ ਵਿਚ ਐੱਮ. ਐੱਸ. ਪੀ. ਵੀ ਜਾਰੀ ਰਹੇਗੀ ਅਤੇ ਕਿਸਾਨਾਂ ਨੂੰ ਕੋਈ ਬੰਦਿਸ਼ ਵੀ ਨਹੀਂ ਹੋਵੇਗੀ।
Shwet Malik
ਮੋਦੀ ਸਰਕਾਰ ਵਲੋਂ ਸਿੱਖਾਂ ਲਈ ਚੁੱਕੇ ਗਏ ਕਦਮਾਂ ਦਾ ਹਵਾਲਾ ਦਿੰਦਿਆਂ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿੱਖਾਂ ਦੇ ਦਿਲਾਂ 'ਤੇ 1984 ਦੇ ਜ਼ਖਮਾਂ 'ਤੇ ਮਲ੍ਹਹਮ ਲਗਾਈ ਹੈ ਜਦਕਿ ਕਾਂਗਰਸ ਨੇ ਝੂਠ ਬੋਲ ਕੇ 1984 ਦੇ ਕੇਸ ਬੰਦ ਕਰਵਾ ਦਿਤੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਐੱਸ. ਆਈ. ਟੀ. ਬਣਾਉਣ ਦਾ ਹੀ ਨਤੀਜਾ ਹੈ ਕਿ ਅੱਜ ਸੱਜਣ ਕੁਮਾਰ ਵਰਗੇ ਮੁਲਜ਼ਮ ਜੇਲਾਂ ਵਿਚ ਡੱਕੇ ਹੋਏ ਹਨ ਅਤੇ ਹੋਰ ਕਾਂਗਰਸੀ ਵੀ ਜੇਲਾਂ ਵਿਚ ਜਾਣ ਦੀ ਤਿਆਰੀ 'ਚ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੀ ਮੰਗ ਵੀ ਮੋਦੀ ਨੇ ਪੂਰੀ ਕੀਤੀ ਹੈ ਜਦਕਿ ਕਾਂਗਰਸ ਨੇ ਸਿਰਫ਼ ਵੰਡੀਆਂ ਪਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਤੋਂ ਵੀ ਜੀ. ਐੱਸ. ਟੀ. ਖ਼ਤਮ ਕਰਨ ਵਰਗੇ ਕਦਮ ਚੁੱਕੇ ਹਨ, ਦੂਜੇ ਪਾਸੇ ਕੁੱਝ ਲੋਕ ਸਿਆਸੀ ਮੁਫਾਦਾਂ ਕਾਰਨ ਗ਼ਲਤ ਪ੍ਰਚਾਰ ਕਰਨ 'ਚ ਲੱਗੇ ਹੋਏ ਹਨ।