
ਕਿਸਾਨੀ ਸੰਘਰਸ਼ ਨੂੰ ਨਕਸਲੀ ਤਾਕਤਾਂ ਨਾਲ ਜੋੜ ਪੰਜਾਬ ਸਰਕਾਰ ਤੇ ਸੰਘਰਸ਼ੀ ਧਿਰਾਂ 'ਤੇ ਦਬਾਅ ਬਣਾਉਣ ਦੀ ਤਿਆਰੀ
ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਜਿਉਂ ਜਿਉਂ ਸਮਾਂ ਬੀਤਦਾ ਜਾ ਰਿਹਾ ਹੈ, ਇਸ ਦੇ ਦੁਰਪ੍ਰਭਾਵ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਕੋਲੇ ਦੀ ਸਪਲਾਈ ਬੰਦ ਹੋ ਜਾਣ ਕਾਰਨ ਪੰਜਾਬ ਅੰਦਰ ਬਿਜਲੀ ਦਾ ਸੰਕਟ ਪੈਦਾ ਹੋਣ ਦੇ ਸ਼ੰਕੇ ਖੜ੍ਹੇ ਹੋ ਗਏ ਹਨ। ਰੇਲ-ਬੰਦੀ ਦਾ ਅਸਰ ਵਪਾਰਕ ਅਦਾਰਿਆਂ ਸਮੇਤ ਹਰ ਖੇਤਰ 'ਤੇ ਪੈਣ ਲੱਗਾ ਹੈ। ਕੇਂਦਰ ਵਲੋਂ ਪੰਜਾਬ ਦੀ ਕੀਤੀ ਜਾ ਰਹੀ ਆਰਥਿਕ ਘੇਰਾਬੰਦੀ ਕਾਰਨ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸ ਕਾਰਨ ਭਾਜਪਾ ਦੀ ਪੰਜਾਬ ਇਕਾਈ ਦੇ ਆਗੂ ਵੀ ਦਬਾਅ ਹੇਠ ਹਨ।
JP Nadda
ਕੇਂਦਰ ਦੇ ਅੜੀਅਲ ਵਤੀਰੇ ਤੋਂ ਨਰਾਜ਼ ਪੇਂਡੂ ਖੇਤਰ ਵਿਚਲੀ ਭਾਜਪਾ ਲੀਡਰਸ਼ਿਪ ਲਗਾਤਾਰ ਅਸਤੀਫ਼ੇ ਦੇ ਰਹੀ ਹੈ। ਭਾਜਪਾ ਦੀ ਪੰਜਾਬ ਲੀਡਰਸ਼ਿਪ ਦੀ ਕੌਮੀ ਪ੍ਰਧਾਨ ਜੇ.ਪੀ ਨੱਢਾ ਨਾਲ ਵੀਰਵਾਰ ਨੂੰ ਹੋਈ ਮੀਟਿੰਗ ਦੌਰਾਨ ਇਹ ਮੁੱਦਾ ਵਿਸ਼ੇਸ਼ ਤੌਰ 'ਤੇ ਵਿਚਾਰੇ ਜਾਣ ਦੇ ਚਰਚੇ ਹਨ। ਤਿੰਨ ਘੰਟੇ ਚੱਲੀ ਮੀਟਿੰਗ ਵਿਚ ਪੰਜਾਬ ਤੋਂ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਵਿਜੇ ਸਾਂਪਲਾ, ਕੌਮੀ ਸਕੱਤਰ ਤਰੁਣ ਚੁੱਘ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਸ਼ਿਰਕਤ ਕੀਤੀ। ਆਗੂਆਂ ਨੇ ਪੇਂਡੂ ਖੇਤਰ ਵਿਚਲੀ ਲੀਡਰਸ਼ਿਪ ਵਲੋਂ ਲਗਾਤਾਰ ਦਿਤੇ ਜਾ ਰਹੇ ਅਸਤੀਫਿਆਂ ਤੋਂ ਕੌਮੀ ਪ੍ਰਧਾਨ ਨੂੰ ਜਾਣੂ ਕਰਵਾਉਂਦਿਆਂ ਟਕਰਾ ਜਾਰੀ ਰਹਿਣ ਦੀ ਸੂਰਤ 'ਚ ਪਾਰਟੀ ਨੂੰ ਹੋਣ ਵਾਲੇ ਨੁਕਸਾਨ ਦੇ ਵੇਰਵੇ ਦਿਤੇ ਹਨ।
punjab bjp leaders
ਸੂਤਰਾਂ ਮੁਤਾਬਕ ਨੱਢਾ ਨੇ ਅਗਲੀ ਰਣਨੀਤੀ ਉਲਕਦਿਆਂ ਬੀਜੇਪੀ ਨੂੰ ਸਰਗਰਮ ਰਹਿਣ ਲਈ ਕਿਹਾ ਹੈ। ਬੀਜੇਪੀ ਹਾਈਕਮਾਨ ਹੁਣ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਉਭਾਰ ਕੇ ਅਪਣੇ ਵਰਕਰਾਂ ਨੂੰ ਸਰਗਰਮ ਰੱਖਣ ਦੇ ਮੂੜ 'ਚ ਹੈ। ਬੀਜੇਪੀ ਅਪਣੇ ਸ਼ਹਿਰੀ ਕੇਡਰ ਵੱਲ ਵੀ ਖਾਸ ਧਿਆਨ ਦੇ ਰਹੀ ਹੈ। ਪੰਜਾਬ ਸਰਕਾਰ ਨੂੰ ਘੇਰਣ ਦੀ ਬਣਾਈ ਨਵੀਂ ਰਣਨੀਤੀ ਦਾ ਅਸਰ ਪੰਜਾਬ ਭਾਜਪਾ ਆਗੂਆਂ ਦੇ ਬਿਆਨਾਂ ਤੋਂ ਵਿਖਣਾ ਸ਼ੁਰੂ ਹੋ ਗਿਆ ਹੈ।
Tarun Chugh
ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਦੇ ਇਸ਼ਾਰੇ 'ਤੇ ਸ਼ਹਿਰੀ ਨਕਸਲੀਆਂ ਵਲੋਂ ਕਾਰਪੋਰੇਟ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੇ ਨਾਂ 'ਤੇ ਨਕਸਲੀ ਤਾਕਤਾਂ ਨਾਲ ਮਿਲ ਕੇ ਪੰਜਾਬ ਦੇ ਉਦਯੋਗ ਤੇ ਕਾਰੋਬਾਰ ਨੂੰ ਬਲੈਕਮੇਲ ਤੇ ਡਰਾਇਆ-ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਖੇਤੀ ਕਾਨੂੰਨਾਂ ਦੇ ਨਾਂ 'ਤੇ ਕਿਸਾਨਾਂ ਨੂੰ ਭੜਕਾ ਕੇ ਤੇ ਜਾਣਬੁੱਝ ਕੇ ਸੂਬੇ ਵਿਚ ਡਰ ਤੇ ਅਸੁਰੱਖਿਆ ਪੈਦਾ ਕਰਨ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
PROTEST
ਸੂਤਰਾਂ ਮੁਤਾਬਕ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਕਿਸਾਨੀ ਸੰਘਰਸ਼ ਦਾ ਛੇਤੀ ਨਿਬੇੜਾ ਕਰਨ ਦੇ ਮੂੜ 'ਚ ਨਹੀਂ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਸਥਾਨਕ ਭਾਜਪਾ ਆਗੂਆਂ ਦੇ ਤੇਵਰਾਂ 'ਚ ਆਏ ਬਦਲਾਅ ਨੂੰ ਵੀ ਭਾਜਪਾ ਦੀ ਵੱਡੀ ਲਾਮਬੰਦੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਭਾਜਪਾ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦੀ ਤਾਕ 'ਚ ਹੈ। ਇਕ ਪਾਸੇ ਪੰਜਾਬ ਸਰਕਾਰ ਦੀ ਪਤਲੀ ਆਰਥਿਤ ਹਾਲਤ ਦਾ ਫ਼ਾਇਦਾ ਉਠਾਉਣ ਲਈ ਆਰਥਿਕ ਘੇਰਾਬੰਦੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਿਸਾਨੀ ਸੰਘਰਸ਼ ਨੂੰ ਨਕਸਲੀ ਤਾਕਤਾਂ ਨਾਲ ਜੋੜ ਕੇ ਸੰਘਰਸ਼ੀ ਜਥੇਬੰਦੀਆਂ ਅਤੇ ਪੰਜਾਬ ਸਰਕਾਰ 'ਤੇ ਦਬਾਅ ਬਣਾਉਣ ਦੇ ਮਨਸੂਬੇ ਘੜੇ ਜਾ ਰਹੇ ਹਨ। ਭਾਜਪਾ ਅਪਣੇ ਮਕਸਦ 'ਚ ਕਿੰਨੀ ਕਾਮਯਾਬ ਹੁੰਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਕਿਸਾਨੀ ਘੋਲ ਦੇ ਦੇਸ਼-ਵਿਆਪੀ ਹੋ ਜਾਣ ਦੀ ਸੂਰਤ 'ਚ ਭਾਜਪਾ ਦੀ ਹਾਲਤ 'ਹੱਥ ਨਾਲ ਦਿਤੀਆਂ ਗੰਢਾਂ ਮੂੰਹ ਨਾਲ ਖੋਲ੍ਹਣ' ਵਰਗੀ ਵੀ ਹੋ ਸਕਦੀ ਹੈ।