
ਟੀ.ਐਮ.ਸੀ. ਦਾ ਅਰਥ ਹੈ ‘ਟੈਂਪਲ’, ‘ਮਾਸਕ’ ਤੇ ‘ਚਰਚ’ : ਮਮਤਾ ਬੈਨਰਜੀ
ਪਣਜੀ, 29 ਅਕਤੂਬਰ : ਤਿ੍ਰਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਸ਼ੁਕਰਵਾਰ ਨੂੰ ਗੋਆ ’ਚ ਅਪਣੀ ਪਾਰਟੀ ਦੇ ਵਰਕਰਾਂ ਨੂੰ ਕਿਹਾ ਕਿ ਭਾਜਪਾ ਉਨ੍ਹਾਂ ਨੂੰ ‘ਹਿੰਦੂ ਵਿਰੋਧੀ’ ਕਹਿੰਦੀ ਹੈ, ਹਾਲਾਂਕਿ ਉਸ ਨੂੰ ਉਨ੍ਹਾਂ ਨੂੰ ‘ਚਰਿੱਤਰ ਪ੍ਰਮਾਣ ਪੱਤਰ’ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ‘ਟੀ.ਐਮ.ਸੀ.) ਦੇ ਨਾਮ ’ਚ ‘ਟੀ’ ਦਾ ਅਰਥ ਟੈਂਪਲ (ਮੰਦਰ), ‘ਐਮ’ ਦਾ ਮਾਸਕ (ਮਸਜਿਦ) ਅਤੇ ‘ਸੀ’ ਦਾ ਚਰਚ (ਗਿਰਜਾਘਰ) ਹੈ। ਭਾਜਪਾ ਸ਼ਾਸਤ ਸੂਬੇ ਗੋਆ ਦੀ ਤਿੰਨ ਦਿਨਾਂ ਯਾਤਰਾ ਲਈ ਵੀਰਵਾਰ ਸ਼ਾਮ ਇਥੇ ਪਹੁੰਚੀ ਪਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੋਟ ਵੰਡਣ ਲਈ ਨਹੀਂ ਸਗੋਂ ਸੂਬੇ ਨੂੰ ‘ਮਜ਼ਬੂਤ ਅਤੇ ਆਤਮਨਿਰਭਰ’ ਬਣਾਉਣ ਲਈ ਇਥੇ ਚੋਣ ਲੜਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਰਾਜ ਦਾ ਸ਼ਾਸਨ ਦਿੱਲੀ ਤੋਂ ਨਹੀਂ ਚਲੇਗਾ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕਾਂ ਨੂੰ ਧਾਰਮਕ ਆਧਾਰ ’ਤੇ ਨਹੀਂ ਵੰਡਦੀ, ਭਾਵੇਂ ਹੀ ਉਹ ਹਿੰਦੂ, ਮੁਸਲਿਮ ਜਾਂ ਈਸਾਈ ਹੋਣ। ਟੀ.ਐਮ.ਸੀ. ਨੇ ਗੋਆ ਦੀਆਂ ਸਾਰੀਆਂ 40 ਵਿਧਾਨ ਸਭਾ ਸੀਟਾਂ ’ਤੇ ਆਉਣ ਵਾਲੀ ਚੋਣ ਲੜਨ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਈ ਸਥਾਨਕ ਨੇਤਾਵਾਂ ਨੂੰ ਅਪਣੇ ਪਾਲੇ ’ਚ ਲਿਆਉਣਾ ਸ਼ੁਰੂ ਕਰ ਦਿਤਾ ਹੈ।
ਗੋਆ ’ਚ ਟੀ.ਐੱਮ.ਸੀ. ਨੇਤਾਵਾਂ ਨਾਲ ਅਪਣੀ ਪਹਿਲੀ ਗੱਲਬਾਤ ਦੌਰਾਨ, ਬੈਨਰਜੀ ਨੇ ਭਾਜਪਾ ’ਤੇ ਸੂਬੇ ’ਚ ਉਨ੍ਹਾਂ ਦੇ ਪੋਸਟਰ ਹਟਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਭਾਰਤ ਦੇ ਲੋਕ ਭਗਵਾਂ ਪਾਰਟੀ ਨੂੰ ਹਟਾ ਦੇਣਗੇ। ਉਨ੍ਹਾਂ ਕਿਹਾ,‘‘ਜਦੋਂ ਮੈਂ ਗੋਆ ਆਉਂਦੀ ਹਾਂ ਤਾਂ ਉਹ ਮੇਰੇ ਪੋਸਟਰ ਖ਼ਰਾਬ ਕਰ ਦਿੰਦੇ ਹਨ। ਤੁਹਾਨੂੰ ਭਾਰਤ ਤੋਂ ਹਟਾ ਦਿਤਾ ਜਾਵੇਗਾ।’’ ਬੈਨਰਜੀ ਨੇ ਕਿਹਾ ਕਿ ਜੇਕਰ ਗੋਆ ’ਚ ਟੀ.ਐਮ.ਸੀ. ਸੱਤਾ ’ਚ ਆਉਂਦੀ ਹੈ ਤਾਂ ਉਹ ਬਦਲੇ ਦੇ ਏਜੰਡੇ ਨਾਲ ਨਹੀਂ ਸਗੋਂ ਰਾਜ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਨਾਮ ‘ਟੀ.ਐੱਮ.ਸੀ.’ ਦੇ ਤਿੰਨ ਅੱਖਰਾਂ ਦਾ ਅਰਥ ‘ਟੈਂਪਲ, ਮਾਸਕ ਅਤੇ ਚਰਚ’ ਹੈ। ਬੈਨਰਜੀ (66) ਨੇ ਕਿਹਾ,‘‘ਭਾਜਪਾ ਉਨ੍ਹਾਂ ਨੂੰ ‘ਹਿੰਦੂ ਵਿਰੋਧੀ’ ਕਹਿੰਦੀ ਹੈ, ਹਾਲਾਂਕਿ ਉਸ ਨੂੰ ਉਨ੍ਹਾਂ ਨੂੰ ‘ਚਰਿੱਤਰ ਪ੍ਰਮਾਣ ਪੱਤਰ’ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਪਹਿਲਾਂ ਉਨ੍ਹਾਂ ਨੂੰ ਅਪਣਾ ਚਰਿੱਤਰ ਤੈਅ ਕਰਨਾ ਚਾਹੀਦਾ।’’ (ਪੀਟੀਆਈ)
ਭਾਜਪਾ ਨੂੰ ਮੇਰਾ ਚਰਿੱਤਰ ਪ੍ਰਮਾਣ ਪੱਤਰ ਦੇਣ ਦੀ ਲੋੜ ਨਹੀਂ