
ਮਾਲ ਗੱਡੀਆਂ ਦੀ ਬਹਾਲੀ ਬਾਅਦ ਪੰਜਾਬ ਦੇ ਬਿਜਲੀ ਤਾਪ ਘਰਾਂ 'ਚ ਕੋਲੇ ਦੀ ਪਹੁੰਚ ਨਿਰਵਿਘਨ ਬਣੀ
to
ਸੂਬੇ ਦੇ ਬਿਜਲੀ ਤਾਪ ਘਰਾਂ 'ਚ 2.70 ਲੱਖ ਐਮ ਟੀ ਕੋਲਾ ਮੌਜੂਦ
ਪਟਿਆਲਾ, 29 ਨਵੰਬਰ (ਜਸਪਾਲ ਸਿੰਘ ਢਿੱਲੋਂ): ਸੂਬੇ 'ਚ ਕਰੀਬ ਪੌਣੇ ਦੋ ਮਹੀਨੇ ਬਾਅਦ ਮਾਲ ਗੱਡੀਆਂ ਦੀ ਬਹਾਲੀ ਨੇ ਬਿਜਲੀ ਤਾਪ ਘਰਾਂ ਦੀਆਂ ਲਗਪਗ ਬੰਦ ਹੋ ਗਈਆਂ ਚਿਮਨੀਆਂ ਨੂੰ ਫਿਰ ਤੋਂ ਮਘਾ ਦਿਤਾ ਹੈ। ਸੂਬੇ ਦੇ ਜਨਤਕ ਅਤੇ ਨਿਜੀ ਤਾਪ ਘਰਾਂ 'ਚ ਇਸ ਮੌਕੇ 2.70 ਲੱਖ ਮੀਟਰਕ ਟਨ ਕੋਲੇ ਦੇ ਭੰਡਾਰਾਂ ਦੀ ਮੌਜੂਦਗੀ ਨੇ ਇਨ੍ਹਾਂ ਬਿਜਲੀ ਤਾਪ ਘਰਾਂ ਨੂੰ ਮੁੜ ਤੋਂ ਨਿਯਮਿਤ ਬਿਜਲੀ ਉਤਪਾਦਨ ਦੇ ਜ਼ਾਮਨ ਬਣਾ ਦਿਤਾ ਹੈ।
ਪੀ ਐਸ ਪੀ ਸੀ ਐਲ ਪਾਸੋਂ ਪ੍ਰਾਪਤ ਵੇਰਵਿਆਂ ਅਨੁਸਾਰ ਕਿਸਾਨ ਅੰਦੋਲਨ ਦੌਰਾਨ ਇਨ੍ਹਾਂ ਬਿਜਲੀ ਤਾਪ ਘਰਾਂ ਦੇ ਪੂਰੀ ਤਰ੍ਹਾਂ ਖੜ੍ਹ ਜਾਣ ਬਾਅਦ ਹੁਣ ਜਦੋਂ ਕਿਸਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਨੂੰ ਮੰਨਦਿਆਂ ਸੂਬੇ ਦੇ ਹਿੱਤ 'ਚ ਰੇਲ ਪਟੜੀਆਂ ਨੂੰ ਖ਼ਾਲੀ ਕਰ ਦਿਤਾ ਤਾਂ ਇਨ੍ਹਾਂ ਬਿਜਲੀ ਤਾਪ ਘਰਾਂ 'ਚ ਕੋਲੇ ਦੀ ਰੁਕੀ ਸਪਲਾਈ ਵੀ ਨਿਰਵਿਘਨ ਸ਼ੁਰੂ ਹੋ ਗਈ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਸੂਬੇ 'ਚ ਭਾਵੇਂ ਬਿਜਲੀ ਦੀ ਮੰਗ ਮੁਤਾਬਕ ਕੇਵਲ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਹੀ ਚਲਾਏ ਜਾ ਰਹੇ ਹਨ ਪਰ ਕੋਲੇ ਦਾ ਸਟਾਕ ਬਾਕੀ ਥਰਮਲਾਂ ਜਿਵੇਂ ਕਿ ਰੋਪੜ, ਲਹਿਰਾ ਮੁਹੱਬਤ ਅਤੇ ਗੋਇੰਦਵਾਲ ਸਾਹਿਬ ਵਿਖੇ ਵੀ ਲੋੜੀਂਦੀ ਮਾਤਰਾ 'ਚ ਮੌਜੂਦ ਹੈ। ਇਸ ਮੌਕੇ ਰਾਜਪੁਰਾ ਤਾਪ ਘਰ ਵਿਖੇ 35 ਹਜ਼ਾਰ ਐਮ ਟੀ ਦੇ ਕਰੀਬ, ਗੋਇੰਦਵਾਲ ਵਿਖੇ 47 ਹਜ਼ਾਰ ਐਮ ਟੀ ਦੇ ਕਰੀਬ, ਤਲਵੰਡੀ ਸਾਬੋ ਵਿਖੇ 95000 ਐਮ ਟੀ ਦੇ ਕਰੀਬ, ਰੋਪੜ ਵਿਖੇ 64 ਹਜ਼ਾਰ ਐਮ ਟੀ ਦੇ ਕਰੀਬ ਅਤੇ ਲਹਿਰਾ ਮੁਹੱਬਤ ਵਿਖੇ 27 ਹਜ਼ਾਰ ਐਮ ਟੀ ਦੇ ਕਰੀਬ ਕੋਲੇ ਦਾ ਭੰਡਾਰ ਮੌਜੂਦ ਹੋਣ ਕਾਰਨ, ਅਨਿਸ਼ਚਿਤਤਾ ਵਾਲਾ ਬਣਿਆ ਮਾਹੌਲ ਖ਼ਤਮ ਹੋ ਗਿਆ ਹੈ।
ਸੂਬੇ 'ਚ ਇਸ ਮੌਕੇ ਬਿਜਲੀ ਉਤਪਾਦਨ 'ਚ ਰਾਜਪੁਰਾ ਥਰਮਲ ਵਲੋਂ 264 ਲੱਖ ਯੂਨਿਟ ਪ੍ਰਤੀ ਦਿਨ ਤੋਂ ਵਧੇਰੇ ਅਤੇ ਅਤੇ ਤਲਵੰਡੀ ਸਾਬੋ ਥਰਮਲ ਵਲੋਂ 84 ਲੱਖ ਯੂਨਿਟ ਪ੍ਰਤੀ ਦਿਨ ਤੋਂ ਵਧੇਰੇ ਦੇ ਬਿਜਲੀ ਉਤਪਾਦਨ ਦਾ ਯੋਗਦਾਨ ਦੇ ਰਹੇ ਹਨ। ਰਾਜਪੁਰਾ ਥਰਮਲ ਦੇ ਇਕ ਅਧਿਕਾਰੀ ਅਨੁਸਾਰ ਮਾਲ ਗੱਡੀਆਂ ਦੀ ਨਿਰਵਿਘਨ ਆਮਦ ਸ਼ੁਰੂ ਹੋਣ ਨਾਲ ਥਰਮਲimage ਪਲਾਂਟ 'ਚ ਹੁਣ ਤਕ ਕੋਲੇ ਦੇ 26 ਰੈਕ ਲੱਗ ਚੁੱਕੇ ਹਨ ਜਦਕਿ 11 ਰਸਤੇ 'ਚ ਹਨ। ਰੋਜ਼ਾਨਾ 4 ਤੋਂ 6 ਰੈਕ ਇੱਥੇ ਪੁੱਜ ਰਹੇ ਹਨ ਅਤੇ ਇਕ ਰੈਕ 'ਚ 4000 ਐਮ ਟੀ ਕੋਲਾ ਆਉਂਦਾ ਹੈ।