ਬਦਲੀ ਨੂੰ ਗ਼ਲਤ ਕਰਾਰ ਦਿੰਦਿਆਂ ਦੁਕਾਨਦਾਰਾਂ ਨੇ ਕੀਤਾ ਵਿਰੋਧ ਕਿਹਾ- 15 ਦਿਨਾਂ 'ਚ ਸ਼ਹਿਰ ਦੀ ਨੁਹਾਰ ਬਦਲਣ ਵਾਲੇ ਦਾ ਤਬਾਦਲਾ ਮੁੜ ਪਹਿਲੇ ਹਾਲਤ ਪੈਦਾ ਕਰ ਸਕਦਾ
ਮੋਹਾਲੀ: ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਪੀਸੀਐਸ ਅਫ਼ਸਰ ਦਮਨਦੀਪ ਕੌਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਜਿਸ ਨੇ 15 ਦਿਨਾਂ ਵਿਚ ਮੋਹਾਲੀ ਸ਼ਹਿਰ ਨੂੰ ਨਾਜਾਇਜ਼ ਕਬਜ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਵਾਇਆ। ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਜਿੱਥੇ ਸ਼ਾਮ ਨੂੰ 300 ਤੋਂ 350 ਰੇਹੜੀਆਂ ਲੱਗਦੀਆਂ ਸਨ, ਉੱਥੇ 15 ਦਿਨਾਂ ਤੋਂ ਇੱਕ ਵੀ ਰੇਹੜੀ ਨਹੀਂ ਲੱਗਣ ਦਿੱਤੀ ਗਈ। ਪਰ ਉਨ੍ਹਾਂ ਨੂੰ ਆਪਣੀ ਡਿਊਟੀ ਕਰਨ ਦਾ ਇਨਾਮ ਤਬਾਦਲੇ ਦੇ ਰੂਪ ਵਿਚ ਮਿਲਿਆ ਹੈ। ਦੱਸ ਦੇਈਏ ਕਿ ਹੁਣ ਦਮਨਦੀਪ ਕੌਰ ਨੂੰ ਮੋਹਾਲੀ ਤੋਂ 90 ਕਿਲੋਮੀਟਰ ਦੂਰ ਨਾਭਾ ਐਸਡੀਐਮ ਵਜੋਂ ਤੈਨਾਤ ਕੀਤਾ ਗਿਆ ਹੈ। ਪੀਸੀਐਸ ਅਧਿਕਾਰੀ ਦਮਨਦੀਪ ਕੌਰ ਦੀ ਬਦਲੀ ਦਾ ਵਪਾਰ ਮੰਡਲ ਅਤੇ ਬਾਜ਼ਾਰਾਂ ਦੇ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। । ਦੱਸ ਦਈਏ ਕਿ ਵਪਾਰ ਮੰਡਲ ਮੋਹਾਲੀ ਦੇ ਜਨਰਲ ਸਕੱਤਰ ਅਤੇ ਫੇਜ਼-7 ਮਾਰਕੀਟ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਨਾਜਾਇਜ਼ ਕਬਜ਼ਿਆਂ ਤੋਂ ਹਰ ਸਾਲ 4 ਤੋਂ 5 ਕਰੋੜ ਰੁਪਏ ਵਸੂਲ ਕੀਤੇ ਜਾਂਦੇ ਹਨ, ਪਰ ਦਮਨਦੀਪ ਕੌਰ ਨੇ ਉਨ੍ਹਾਂ ਦਾ ਇਹ ਕਰੋੜਾਂ ਦਾ ਨੈਕਸਸ ਤੋੜ ਦਿੱਤਾ ਹੈ।
ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਦਮਨਦੀਪ ਕੌਰ ’ਤੇ ਲਗਾਏ ਗਏ ਦੋਸ਼ਾਂ ਤੋਂ ਪਤਾ ਲੱਗਾ ਹੈ ਕਿ ਉਸ ਦਾ ਲੋਕਾਂ ਨਾਲ ਜਨਤਕ ਵਿਵਹਾਰ ਚੰਗਾ ਨਹੀਂ ਸੀ। ਜਦਕਿ ਇਹ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹੈ। ਪੀ.ਸੀ.ਐਸ.ਦਮਨਦੀਪ ਕੌਰ ਅਜਿਹੀ ਅਧਿਕਾਰੀ ਹੈ, ਜੋ ਉਨ੍ਹਾਂ ਦੀਆਂ ਮੰਡੀਆਂ ਵਿਚ ਵਪਾਰੀਆਂ ਨਾਲ ਮੀਟਿੰਗਾਂ ਕਰਦੀ ਰਹੀ ਹੈ। ਲੋਕ ਹਿੱਤ ਵਿਚ ਕੰਮ ਕਰਨ ਵਾਲੇ ਅਫ਼ਸਰਾਂ ਖ਼ਿਲਾਫ਼ ਅਜਿਹੇ ਦੋਸ਼ ਲਗਾਉਣਾ ਸਮਾਜ ਅਤੇ ਸਿਸਟਮ ਲਈ ਮੰਦਭਾਗਾ ਹੈ।
ਪੀਸੀਐਸ ਅਧਿਕਾਰੀ ਦਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਕੰਮ ਕਰਾਂਗੇ। ਤਬਾਦਲੇ ਦਾ ਕਾਰਨ ਜਨਤਾ ਨਾਲ ਢੁਕਵੇਂ ਵਿਵਹਾਰ ਦੀ ਘਾਟ ਦੱਸਿਆ ਗਿਆ ਹੈ ਜਦਕਿ ਉਨ੍ਹ ਕਿਹਾ ਕਿ ਮੈਨੂੰ ਸੌਂਪੇ ਗਏ ਕੰਮ ਨੂੰ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ।