
ਸਿੰਘੂ ਬਾਰਡਰ 'ਤੇ ਕਿਸਾਨਾਂ ਨੂੰ ਮੁਫ਼ਤ ਵਾਈਫਾਈ ਸੇਵਾ ਮੁਹਈਆ ਕਰਾਏਗੀ ਦਿੱਲੀ ਸਰਕਾਰ : ਰਾਘਵ ਚੱਢਾ
ਨਵੀਂ ਦਿੱਲੀ, 29 ਦਸੰਬਰ : ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਮੰਗਲਵਾਰ ਨੂੰ ਦਸਿਆ ਕਿ ਦਿੱਲੀ ਦੀ ਸਿੰਘੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਮੁਫ਼ਤ ਵਾਈ-ਫਾਈ ਉਪਲੱਬਧ ਕਰਾਉਣ ਲਈ ਹੌਟਸਪੌਟ ਸਥਾਪਤ ਕੀਤਾ ਜਾਵੇਗਾ | ਚੱਢਾ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਇਹ ਫ਼ੈਸਲਾ 'ਕਿਸਾਨਾਂ ਦੇ ਸੇਵਾਦਾਰ ਅਰਵਿੰਦ ਕੇਜਰੀਵਾਲ' ਨੇ ਕੀਤਾ ਹੈ | ਉਨ੍ਹਾਂ ਕਿਹਾ ਕਿ ਅਸੀਂ ਲੋਕ ਚਾਹੁੰਦੇ ਹਾਂ ਕਿ ਕਿਸਾਨ ਅਪਣੇ ਪ੍ਰਵਾਰਾਂ ਨਾਲ ਸੰਪਰਕ ਵਿਚ ਰਹਿਣ | ਅਸੀਂ ਮੁਫ਼ਤ ਵਾਈ-ਫਾਈ ਹੌਟਸਪੌਟ ਲਈ ਕੁੱਝ ਥਾਵਾਂ ਦੀ ਪਹਿਚਾਣ ਕੀਤੀ ਹੈ | ਇਹ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਵਲੋਂ ਇਕ ਪਹਿਲ ਹੈ |
ਚੱਢਾ ਨੇ ਕਿਹਾ ਕਿ ਜੇਕਰ ਮੰਗ ਵੱਧ ਹੋਈ ਤਾਂ ਅਜਿਹੇ ਵਿਚ ਹੋਰ ਹੌਟਸਪੌਟ ਲਾਏ ਜਾਣਗੇ | ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੀ ਮੰਗ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ ਇਕ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਨ | ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ | ਇਸ ਮਹੀਨੇ ਦੀ ਸ਼ੁਰੂਆਤ 'ਚ ਕੇਜਰੀਵਾਲ ਨੇ ਸਿੰਘੂ ਸਰਹੱਦ ਦਾ ਦੌਰਾ ਕੀਤਾ ਸੀ ਅਤੇ ਇਸ ਤੋਂ ਬਾਅਦ ਬੀਤੇ ਐਤਵਾਰ ਨੂੰ ਵੀ ਉਹ ਕਿਸਾਨਾਂ ਦਰਮਿਆਨ ਗਏ ਸਨ, ਜਿਥੇ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ | (ਪੀਟੀਆਈ)
ਮਹਿਬੂਬਾ ਨੇ ਕੇਂਦਰ 'ਤੇ ਸੰਵਿਧਾਨ ਦਾ ਸਨਮਾਨ ਨਾ ਕਰਨ ਦਾ ਦੋਸ਼ ਲਗਾਇਆ
ਕਿਸਾਨ ਅੰਦੋਲਨ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ
ਸ਼੍ਰੀਨਗਰ, 29 ਦਸੰਬਰ : ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਮੰਗਲਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਗੁਪਕਰ ਗਠਜੋੜ ''ਦੇਸ਼ 'ਚ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ'' ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਲਈ ਸੰਘਰਸ਼ ਕਰ ਰਿਹਾ ਹੈ | ਉਨ੍ਹਾਂ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਭਾਜਪਾ ਦੀ ਕੇਂਦਰ ਸਰਕਾਰ ਦੀ ਆਲੋਚਨਾ ਵੀ ਕੀਤੀ, ਜਿਸ ਦੇ ਖ਼ਿਲਾਫ਼ ਕਿਸਾਨ ਅੰਦੋਲਨ ਕਰ ਰਹੇ ਹਨ |
ਸ਼੍ਰੀਨਗਰ 'ਚ ਇਕ ਪਾਰਟੀ ਪ੍ਰੋਗਰਾਮ ਦੌਰਾਨ ਮਹਿਬੂਬਾ ਨੇ ਕਿਹਾ, ''ਸਰਕਾਰ ਖੇਤੀ ਕਾਨੂੰਨਾ ਲਿਆਈ ਅਤੇ ਕਿਸਾਨ ਇਸ ਦੇ ਵਿਰੋਧ 'ਚ ਕੜਾਕੇ ਦੀ ਠੰਢ 'ਚ ਵੀ ਸੜਕਾਂ 'ਤੇ ਉਤਰੇ ਹੋਏ ਹਨ | ਜੇਕਰ ਕਾਨੂੰਨ ਕਿਸਾਨਾਂ ਨੂੰ ਸਵੀਕਾਰ ਨਹੀਂ ਹੈ ਤਾਂ ਫਿਰ ਕੀ ਇਹ ਉਨ੍ਹਾਂ ਦੇ ਫਾਇਦੇ ਲਈ ਹੋ ਸਕਦੇ ਹਨ ? ਜੇਕਰ ਤੁਸੀਂ ਅਜਿਹੇ ਕਾਨੂੰਨ ਲਿਆਂਦੇ ਹੋ ਜੋਕਿ ਲੋਕਾਂ ਨੂੰ ਵੀ ਸਵੀਕਾਰ ਨਹੀਂ ਹੈ ਤਾਂ ਤੁਸੀਂ ਦੇਸ਼ ਦੇ ਸੰਵਿਧਾਨ ਦਾ ਅਪਮਾਨ ਕਰ ਰਹੇ ਹੋ |'' ਉਨ੍ਹਾਂ ਦੋਸ਼ ਲਗਾਇਆ ਕਿ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰ ਕੇ ਸਰਕਾਰ ਨੇ ਸੰਵਿਧਾਨ ਦਾ ਅਪਮਾਨ ਕੀਤਾ ਹੈ |
ਸਾਬਕਾ ਮੁੱਖ ਮੰਤਰੀ ਨੇ ਪੁਛਿਆ, ''ਨੇਸ਼ਨਲ ਕਾਨਫਰੰਸ ਖੁਦਮੁਖਤਿਆਰੀ ਦੀ ਗੱਲ ਕਰਦੀ ਹੈ ਅਤੇ ਇਹ ਸੰਵਿਧਾਨ ਦੇ ਦਾਇਰੇ 'ਚ ਹੈ | ਅਸੀਂ ਸਵੈਸ਼ਾਸ਼ਨ, ਖੁਲ੍ਹੀਆਂ ਸਰਹੱਦਾਂ ਅਤੇ ਮੇਲ-ਜੋਲ ਦੀ ਗੱਲ ਕਰਦੇ ਹਾਂ, ਤੁਸੀਂ ਬੰਦੂਕ ਦੇ ਜ਼ੋਰ 'ਤੇ ਕਦੋਂ ਤਕ ਸ਼ਾਂਤੀ ਬਣਾਏ ਰੱਖ ਸਕਦੇ ਹੋ?'' (ਪੀਟੀਆਈ)
.