
ਨਿਊਯਾਰਕ ਵਿਚ ਦਸੰਬਰ ਮਹੀਨਾ ਸਿੱਖ ਧਾਰਮਕ ਆਜ਼ਾਦੀ ਦਿਹਾੜਾ ਪ੍ਰਵਾਨਿਆ
ਅਸੈਂਬਲੀ ਮੈਂਬਰ ਵੁਮੈਨ ਜੈਸਿਕਾ ਗੋਂਜ਼ਾਲੇਸ ਨੇ ਖ਼ੁਦ ਸ਼ਹੀਦਾਂ ਨੂੰ ਕੀਤਾ ਸਿਜਦਾ
ਕੋਟਕਪੂਰਾ, 29 ਦਸੰਬਰ (ਗੁਰਿੰਦਰ ਸਿੰਘ) : ਵਿਦੇਸ਼ਾਂ 'ਚ ਸਿੱਖੀ ਦੇ ਪ੍ਰਚਾਰ ਪਸਾਰ ਲਈ ਲਗਾਤਾਰ ਕਾਰਜ ਉਲੀਕੇ ਜਾ ਰਹੇ ਹਨ | ਅਜਿਹਾ ਹੀ ਇਕ ਉਪਰਾਲਾ ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ ਕੀਤਾ ਗਿਆ | ਨਿਊਯਾਰਕ ਦੀ ਸਟੇਟ ਅਸੈਂਬਲੀ ਵਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਦੁਨੀਆਂ ਦੇ ਸੱਭ ਤੋਂ ਛੋਟੀ ਉਮਰ ਦੇ ਸ਼ਹੀਦ ਐਲਾਨਦਿਆਂ ਮਤਾ ਪਾਸ ਕੀਤਾ ਗਿਆ ਹੈ |
ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਵਲੋਂ ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨੂੰ ਭੇਜੀ ਈਮੇਲ ਮੁਤਾਬਕ ਵਰਲਡ ਸਿੱਖ ਪਾਰਲੀਮੈਂਟ ਦੀ ਰਿਲੀਜੀਅਸ ਅਤੇ ਐਜੂੁਕੇਸ਼ਨ ਕਾਉਂਸਲ ਦੇ ਯਤਨਾਂ ਸਦਕਾ ਨਿਊਯਾਰਕ ਸਟੇਟ ਅਸੈਂਬਲੀ ਮੈਂਬਰ ਬੀਬੀ ਜੈਸਿਕਾ ਗੋਂਜਾਲਸ ਨੇ ਇਹ ਸਾਈਟੇਸ਼ਨ ਜਾਰੀ ਕੀਤੀ ਹੈ | ਜੈਸਿਕਾ ਗੋਜਾਂਲਸ ਅਪਣੇ ਪ੍ਰਵਾਰ ਸਮੇਤ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ 'ਚ ਸ਼ਾਮਲ ਹੋਣ ਲਈ ਗੁਰਦੁਆਰਾ ਸਿੱਖ ਸੈਂਟਰ ਆਫ਼ ਨਿਊਯਾਰਕ, ਫ਼ਲਸ਼ਿੰਗ ਪਹੁੰਚੇ ਅਤੇ ਉਨ੍ਹਾਂ ਸ਼ਹੀਦਾਂ ਨੂੰ ਸਿਜਦਾ ਕੀਤਾ | ਵਾਈਸ ਪ੍ਰਧਾਨ ਜਿੰਦਰ ਸਿੰਘ, ਟਰੱਸਟੀ ਹਰਦੀਪ ਸਿੰਘ ਸਮੇਤ ਹੋਰ ਕਮੇਟੀ ਮੈਂਬਰਾਂ ਵਲੋਂ ਬੀਬੀ ਜੈਸਿਕਾ ਗੋਂਜਾਲਸ ਦਾ ਧਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ | ਸ. ਹਿੰਮਤ ਸਿੰਘ ਨੇ ਅੱਗੇ ਦਸਿਆ ਕਿ ਜੈਸਿਕਾ ਗੋਂਜਾਲਸ ਨੇ ਸਿੱਖਾਂ ਨਾਲ ਕੋਵਿਡ ਦੇ ਚਲਦਿਆਂ ਵੀ ਕੰਮ ਕੀਤਾ ਹੈ ਅਤੇ ਲੰਗਰ ਵਰਤਾਉਣ 'ਚ ਵੀ ਮੋਹਰੀ ਭੂਮਿਕਾ ਨਿਭਾਈ ਹੈ | ਨੋਰਵਿਚ ਸਿਟੀ ਕੌਂਸਲ ਦੇ ਮੈਂਬਰ ਸਵਰਨਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਨਿਊਯਾਰਕ ਸਟੇਟ ਵਲੋਂ ਦਸੰਬਰ ਮਹੀਨੇ ਨੂੰ ਸਿੱਖ ਧਾਰਮਕ ਆਜ਼ਾਦੀ ਦਿਹਾੜੇ ਵਜੋਂ ਮਾਨਤਾ ਮਿਲਣੀ ਦਸਦਾ ਹੈ ਕਿ ਅਸੀਂ ਮਨੁੱਖੀ ਅਧਿਕਾਰਾਂ ਪ੍ਰਤੀ ਵਚਨਬੱਧ ਹਾਂ, ਜੋ ਯੂ.ਐਨ. ਚਾਰਟਰ ਅਤੇ ਅਮਰੀਕੀ ਸੰਵਿਧਾਨ ਦਾ ਵੀ ਹਿੱਸਾ ਹੈ |
ਵਰਲਡ ਸਿੱਖ ਪਾਰਲੀਮੈਂਟ ਦੀ ਰਿਲੀਜੀਅਸ ਅਤੇ ਐਜੂਕੇਸ਼ਨ ਕਾਉਂਸਲ ਵਲੋਂ ਨਿਊਯਾਰਕ ਦੇ ਮਸ਼ਹੂਰ ਟਾਈਮਜ਼ ਸਕੁਏਅਰ 'ਚ ਸ਼ਹੀਦੀ ਪੰਦਰਵਾੜੇ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੰਦੇ ਪਰਚੇ ਵੰਡੇ ਗਏ | ਉਨ੍ਹਾਂ ਦਸਿਆ ਕਿ ਇਹ ਉਪਰਾਲੇ ਜਿਥੇ ਸਿੱਖ ਧਰਮ ਦੀ ਵਿਲੱਖਣਤਾ ਬਾਰੇ ਦੁਨੀਆਂ ਨੂੰ ਜਾਗਰੂਕ ਕਰਦੇ ਹਨ, ਉਥੇ ਵਿਦੇਸ਼ਾਂ 'ਚ ਜੰਮੀ ਪਲੀ ਸਿੱਖ ਨੌਜਵਾਨ ਪੀੜ੍ਹੀ ਨੂੰ ਵੀ ਅਪਣੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਨ |
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪਿ੍ਤਪਾਲ ਸਿੰਘ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਐਸਟ ਕੋਸਟ ਦੇ ਹਰਜਿੰਦਰ ਸਿੰਘ ਸਮੇਤ ਬਲਜਿੰਦਰ ਸਿੰਘ, ਗੁਰਨਿੰਦਰ ਸਿੰਘ ਧਾਲੀਵਾਲ, ਭੁਪਿੰਦਰ ਸਿੰਘ, ਰਾਜਵਿੰਦਰ ਕੌਰ ਰੋਜ਼, ਹਰਮਿੰਦਰ ਸਿੰਘ ਅਤੇ ਗਗਨਦੀਪ ਸਿੰਘ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਉੱਦਮ ਦੀ ਸ਼ਲਾਘਾ ਕੀਤੀ | ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਜੋਗਾ ਸਿੰਘ (ਯੂ.ਕੇ) ਨੇ ਨਿਊਯਾਰਕ ਸਟੇਟ ਦਾ ਧਨਵਾਦ ਕਰਦਿਆਂ ਸੰਗਤ ਨੂੰ ਇਨ੍ਹਾਂ ਉਦਮਾਂ 'ਚ ਵਰਲਡ ਸਿੱਖ ਪਾਰਲੀਮੈਂਟ ਨਾਲ ਜੁੜਨ ਦੀ ਅਪੀਲ ਕੀਤੀ |