
ਦੁਬਈ 'ਚ ਬਾਲਕਨੀ 'ਚ ਕੱਪੜੇ ਸੁਕਾਉਣ 'ਤੇ ਲਗੇਗਾ ਜੁਰਮਾਨਾ
ਦੁਬਈ, 29 ਦਸੰਬਰ : ਦੁਬਈ ਦੀ ਨਗਰਪਾਲਿਕਾ ਨੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਕੁੱਝ ਨਵੇਂ ਨਿਯਮ ਬਣਾਏ ਹਨ, ਜਿਨ੍ਹਾਂ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ | ਇਹ ਨਿਯਮ ਖ਼ਾਸ ਤੌਰ 'ਤੇ ਦੁਬਈ ਵਿਚ ਰਹਿਣ ਵਾਲੇ ਭਾਰਤੀਆਂ ਲਈ ਜਾਨਣੇ ਬਹੁਤ ਜ਼ਰੂਰੀ ਹਨ, ਕਿਉਂਕਿ ਭਾਰਤ ਵਿਚ ਇਹ ਚੀਜ਼ਾਂ ਆਮ ਹਨ | ਉਦਾਹਰਣ ਲਈ ਦੁਬਈ ਵਿਚ ਹੁਣ ਬਾਲਕਨੀ ਵਿਚ ਕੱਪੜੇ ਸੁਕਾਉਣ ਦੀ ਮਨਾਹੀ ਹੋਵੇਗੀ | ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਵੇਗਾ | ਜਦੋਂਕਿ ਭਾਰਤ ਵਿਚ ਜ਼ਿਆਦਾਤਰ ਲੋਕ ਆਪਣੇ ਕੱਪੜੇ ਬਾਲਕਨੀ ਵਿਚ ਹੀ ਸੁਕਾਉਂਦੇ ਹਨ | ਸੋਮਵਾਰ ਨੂੰ ਇਕ ਟਵੀਟ ਵਿਚ ਦੁਬਈ ਨਗਰਪਾਲਿਕਾ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੀ ਬਾਲਕਨੀ ਦਾ 'ਗਲਤ ਇਸਤੇਮਾਲ' ਨਾ ਕਰੋ | ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹਾ ਕੁੱਝ ਨਾ ਕਰਨ ਜਿਸ ਨਾਲ ਉਨ੍ਹਾਂ ਦੀ ਬਾਲਕਨੀ 'ਗੰਦੀ' ਦਿਖੇ | ਟਵੀਟ ਵਿਚ ਲਿਖਿਆ ਹੈ ਕਿ ਵਾਤਾਵਰਣ ਜ਼ਰੂਰਤਾਂ ਅਤੇ ਮਾਪਦੰਡਾਂ ਨੂੰ ਲੈ ਕੇ ਜਾਗਰੂਕਤਾ ਵਧਾਉਣ ਲਈ ਦੁਬਈ ਨਗਰਪਾਲਿਕਾ ਯੂ.ਏ.ਈ. ਦੇ ਸਾਰੇ ਨਿਵਾਸੀਆਂ ਨੂੰ ਸ਼ਹਿਰ ਦੀ ਸੁੰਦਰਤਾ ਅਤੇ ਸਭਿਅਕ ਸੁਭਾਅ ਨੂੰ ਵਿਗਾੜਨ ਤੋਂ ਬਚਣ ਦੀ ਅਪੀਲ ਕਰਦੀ ਹੈ | ਇਸ ਟਵੀਟ ਵਿਚ ਉਨ੍ਹਾਂ ਨਿਯਮਾਂ ਦੇ ਬਾਰੇ ਵਿਚ ਜਾਣਕਾਰੀ ਦਿਤੀ ਗਈ ਹੈ, ਜਿਨ੍ਹਾਂ ਦੀ ਉਲੰਘਣਾਂ ਕਰਨ 'ਤੇ ਜੁਰਮਾਨਾ ਲੱਗੇਗਾ |
ਨਵੇਂ ਨਿਯਮਾਂ ਮੁਤਾਬਕ ਬਾਲਕਨੀ ਜਾਂ ਖਿੜਕੀ 'ਤੇ ਕੱਪੜੇ ਸੁਕਾਉਣ 'ਤੇ, ਬਾਲਕਨੀ ਵਿਚ ਸਿਗਰਟ ਦੀ ਰਾਖ ਝਾੜਨ 'ਤੇ, ਬਾਲਕਨੀ ਤੋਂ ਕੂੜਾ ਸੁੱਟਣ 'ਤੇ, ਬਾਲਕਨੀ ਧੋਂਦੇ ਸਮੇਂ ਪਾਣੀ ਹੇਠਾਂ ਗਿਡੱਣ 'ਤੇ, ਬਾਲਕਲੀ ਵਿਚ ਚਿੜੀਆਂ ਨੂੰ ਦਾਣਾ ਪਾਉਣ 'ਤੇ ਕਿਉਂਕਿ ਉਹ ਗੰਦਗੀ ਫੈਲਾਉਂਦੀਆਂ ਹਨ ਅਤੇ ਬਾਲਕਨੀ ਵਿਚ ਕਿਸੇ ਤਰ੍ਹਾਂ ਦਾ ਐਂਟੀਨਾ ਜਾਂ ਡਿੱਸ਼ ਲਗਾਉਣ 'ਤੇ ਜੁਰਮਾਨਾ ਦੇਣਾ ਪਵੇਗਾ |
ਖ਼ਬਰਾਂ ਮੁਤਾਬਕ ਇਨ੍ਹਾਂ ਨਿਯਮਾਂ ਨੂੰ ਤੋੜਨ 'ਤੇ 500 ਤੋਂ 1500 ਦਿਰਹਮ ਯਾਨੀ 10 ਹਜ਼ਾਰ ਤੋਂ 30 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਦੇਣਾ ਪਵੇਗਾ | (ਏਜੰਸੀ)