
ਨਵਜੋਤ ਸਿੱਧੂ ਨੂੰ ਆਪਣਾ ਬੇਬੁਨਿਆਦ ਬਿਆਨ ਵਾਪਸ ਲੈਣਾ ਚਾਹੀਦਾ ਹੈ ਅਤੇ ਮੁਆਫ਼ੀ ਮੰਗਣੀ ਚਾਹੀਦੀ ਹੈ
ਚੰਡੀਗੜ੍ਹ : ਬੀਤੇ ਦਿਨੀਂ ਇਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਨਵਜੋਤ ਸਿੱਧੂ ਨੇ ਮਨਜਿੰਦਰ ਸਿਰਸਾ 'ਤੇ ਇਹ ਇਲਜ਼ਾਮ ਲਗਾਏ ਕਿ ਕੇਜਰੀਵਾਲ ਤੇ ਮਜੀਠੀਆ ਦਾ ਸਮਝੌਤਾ ਮਨਜਿੰਦਰ ਸਿਰਸਾ ਵੱਲੋਂ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਅੱਜ ਮਨਜਿੰਦਰ ਸਿਰਸਾ ਨੇ ਟਵੀਟ ਕਰ ਕੇ ਸਿੱਧੂ ਨੂੰ ਨਿਸ਼ਾਨੇ 'ਤੇ ਲਿਆ ਹੈ ਤੇ ਅਪਣੇ ਇਸ ਬਿਆਨ ਲਈ ਮੁਆਫ਼ੀ ਮੰਗਣ ਲਈ ਵੀ ਕਿਹਾ ਹੈ।
ਮਨਜਿੰਦਰ ਸਿਰਸਾ ਨੇ ਟਵੀਟ ਕਰ ਕੇ ਲਿਖਿਆ, ''ਪਬਲੀਸਿਟੀ ਲਈ ਅਜੀਬੋ-ਗਰੀਬ ਬਿਆਨ ਦੇਣਾ ਨਵਜੋਤ ਸਿੱਧੂ ਦਾ ਜਿਊਣ ਦਾ ਢੰਗ ਹੈ ਪਰ ਮੈਨੂੰ ਉਨ੍ਹਾਂ ਦੇ ਇਸ ਬੇਤੁਕੇ ਦੋਸ਼ਾਂ 'ਤੇ ਸਖ਼ਤ ਇਤਰਾਜ਼ ਹੈ। ਉਨ੍ਹਾਂ ਨੂੰ ਆਪਣਾ ਬੇਬੁਨਿਆਦ ਬਿਆਨ ਵਾਪਸ ਲੈਣਾ ਚਾਹੀਦਾ ਹੈ ਅਤੇ ਮੁਆਫ਼ੀ ਮੰਗਣੀ ਚਾਹੀਦੀ ਹੈ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ''।
Navjot Sidhu
ਮਨਜਿੰਦਰ ਸਿਰਸਾ ਨੇ ਸਿੱਧੂ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ। ਦੱਸ ਦਈਏ ਕਿ ਸਿੱਧੂ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਨੇ ਵੀ ਸਿਰਸਾ 'ਤੇ ਇਹ ਇਲਜ਼ਾਮ ਲਗਾਏ ਸਨ ਕਿ ਉਹਨਾਂ ਨੇ ਹੀ ਮਜੀਠੀਆ ਤੇ ਕੇਜਰੀਵਾਲ ਦਾ ਨਬੇੜਾ ਕਰਵਾਇਆ ਸੀ। ਇਸ ਤੋਂ ਬਾਅਦ ਮਨਜਿੰਦਰ ਸਿਰਸਾ ਨੇ ਮੁੱਖ ਮੰਤਰੀ ਚੰਨੀ ਨੂੰ ਝੂਠੇ ਤੇ ਆਧਾਰਹੀਣ ਦਾਅਵੇ ਕਰਨ ਲਈ ਲੀਗਲ ਨੋਟਿਸ ਵੀ ਭੇਜਿਆ ਸੀ ਅਤੇ ਉਹਨਾਂ ਨੂੰ ਤਿੰਨ ਦਿਨਾਂ ਦੇ ਅੰਦਰ ਅੰਦਰ ਲਿਖਤੀ ਮੁਆਫ਼ੀ ਮੰਗਣ ਜਾਂ ਫਿਰ ਦੀਵਾਨੀ ਤੇ ਫੌਜਦਾਰੀ ਦੋਹਾਂ ਕੇਸਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਵਾਸਤੇ ਕਿਹਾ ਸੀ।