
ਧਮਾਕਾ ਕਰਨ ਤੋਂ ਪਹਿਲਾਂ ਗਗਨਦੀਪ ਗਿਆ ਸੀ ਅੰਮ੍ਰਿਤਸਰ
ਲੁਧਿਆਣਾ - ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਅਦਾਲਤ ‘ਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਹੁਣ ਇਕ ਹੋਰ ਨਵਾਂ ਮੋੜ ਆਇਆ ਹੈ। ਦਰਅਸਲ ਇਹ ਖੁਲਾਸਾ ਹੋਇਆ ਹੈ ਕਿ ਗਗਨਦੀਪ ਦੇ ਨਿੱਜੀ ਖਾਤੇ ‘ਚ 9 ਦਸੰਬਰ ਤੋਂ 12 ਦਸੰਬਰ ਤੱਕ 3 ਲੱਖ ਰੁਪਏ ਕਿਸ਼ਤਾਂ ‘ਚ ਜਮ੍ਹਾ ਕਰਵਾਏ ਗਏ ਸਨ ਤੇ ਇਸ ਦੇ ਨਾਲ ਹੀ ਉਸ ਦੀ ਪਤਨੀ 'ਤੇ ਮਹਿਲਾ ਕਾਂਸਟੇਬਲ ਦੇ ਖਾਤੇ ਵਿਚ ਵੀ ਵਿਦੇਸ਼ ਤੋਂ ਫੰਡ ਜਮ੍ਹਾ ਕੀਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਗਗਨਦੀਪ ਦੇ ਖਾਤੇ ਦੀ ਜਾਂਚ ਦੌਰਾਨ ਹੋਇਆ। ਹੁਣ ਜਾਂਚ ਏਜੰਸੀਆਂ ਨੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਏਜੰਸੀਆਂ ਦੀ ਜਾਂਚ ਡੌਂਗਲ ਤੋਂ ਕੀਤੀਆਂ ਇੰਟਰਨੈਟ ਕਾਲਾਂ ਤੋਂ ਅੱਗੇ ਨਹੀਂ ਵਧ ਰਹੀ ਹੈ।
Ludhiana blast
ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਗਗਨਦੀਪ ਕੋਲ ਕੋਈ ਫੰਡਿੰਗ ਸੀ ਤੇ ਜੇ ਸੀ ਤਾਂ ਫਿਰ ਕਿੱਥੋਂ ਆਈ। ਇਸ ਦੇ ਨਾਲ ਹੀ ਇਹ ਵੀ ਖੁਲਾਸਾ ਹੋਇਆ ਹੈ ਕਿ ਗਗਨਦੀਪ ਧਮਾਕੇ ਤੋਂ ਪਹਿਲਾਂ ਅੰਮ੍ਰਿਤਸਰ ਵੀ ਗਿਆ ਸੀ ਤੇ ਸ਼ੱਕ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਸ਼ਾਇਦ ਉਹ ਉੱਥੋਂ ਹੀ ਧਮਾਕੇ ਦੀ ਸਮੱਗਰੀ ਨਾ ਲੈ ਕੇ ਆਇਆ ਹੋਵੇ। ਉਸ ਦੇ ਅਕਾਊਂਟ ਡਿਟੇਲ ਦੀ ਖੋਜ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਅਤੇ ਸਥਾਨਕ ਪੁਲਿਸ ਨੂੰ ਰਿਮਾਂਡ ‘ਤੇ ਚੱਲ ਰਹੇ ਰਣਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਤੋਂ ਵੀ ਕੁੱਝ ਹਾਸਲ ਨਹੀਂ ਹੋਇਆ ਹੈ। ਦੂਜੇ ਪਾਸੇ ਪੁਲਿਸ ਗਗਨਦੀਪ ਦੇ ਵੱਡੇ ਰਾਜਦਾਰ, ਉਸਦੇ ਦੋਸਤ ਤੋਂ ਵੀ ਪੁੱਛਗਿੱਛ ਕਰਨ ਵਿਚ ਲੱਗੀ ਹੋਈ ਹੈ।
gagandeep Singh
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਗਸਤ 2019 ਵਿੱਚ, ਜਦੋਂ ਗਗਨਦੀਪ ਸਿੰਘ ਨੂੰ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਗ੍ਰਿਫ਼ਤਾਰ ਕੀਤਾ ਸੀ, ਤਾਂ ਉਸ ਨੇ ਆਪਣੇ ਪੁਲਿਸ ਰਿਮਾਂਡ ਦੌਰਾਨ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਸਨ। ਉਹ ਬਹੁਤ ਸ਼ਾਤਰ ਦਿਮਾਗ ਵਾਲਾ ਸੀ ਅਤੇ ਮੋਬਾਈਲ ਚਲਾਉਣ ਵਿਚ ਮਾਹਰ ਸੀ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਜਦੋਂ ਗਗਨਦੀਪ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਹ ਬਹੁਤ ਹੁਸ਼ਿਆਰ ਸੀ ਇਸ ਲਈ ਉਸ ਨੇ ਕਾਲ ਕਰਨ ਅਤੇ ਇੰਟਰਨੈੱਟ ਚਲਾਉਣ ਲਈ ਡੌਂਗਲ ਦੀ ਵਰਤੋਂ ਕੀਤੀ, ਤਾਂ ਜੋ ਇੱਥੋਂ ਜਾਣ ਤੋਂ ਬਾਅਦ ਉਹ ਫੜਿਆ ਨਾ ਜਾ ਸਕੇ। ਇਸ ਡੌਂਗਲ ਦੀ ਮਦਦ ਨਾਲ ਹੁਣ ਉਸ ਦਾ ਸਬੰਧ ਵਿਦੇਸ਼ਾਂ ‘ਚ ਬੈਠੇ ਅਪਰਾਧੀਆਂ ਨਾਲ ਜੁੜਿਆ ਹੋਇਆ ਹੈ।