
ਉਦਘਾਟਨ ਸਮਾਰੋਹ ਮੌਕੇ ਕਰੀਬ 1 ਕਰੋੜ 47 ਲੱਖ ਰੁਪਏ ਦਾ ਖ਼ਰਚਾ ਕੀਤਾ ਗਿਆ, ਜੋ ਕਿ ਬਜ਼ਾਰ ਦੇ ਰੇਟਾਂ ਨਾਲੋ ਕਿਤੇ ਜ਼ਿਆਦਾ ਹੈ।
ਚੰਡੀਗੜ੍ਹ - ਪੰਜਾਬ ’ਚ ਪਿਛਲੀ ਕਾਂਗਰਸ ਸਰਕਾਰ ਦੇ ਕੁੱਝ ਮੰਤਰੀ ਤਾਂ ਪਹਿਲਾਂ ਹੀ ਵਿਜੀਲੈਂਸ ਦੀ ਰਡਾਰ ’ਤੇ ਹਨ ਪਰ ਹੁਣ ਸਾਬਕਾ ਮੁੱਖ ਮੰਤਰੀ (Charanjeet Singh Channi) ਖ਼ਿਲਾਫ਼ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉਨ੍ਹਾਂ 'ਤੇ ਇਹ ਇਲਜ਼ਾਮ ਲੱਗੇ ਹਨ ਕਿ ਉਹਨਾਂ ਨੇ ਅਪਣੇ ਪੁੱਤ ਦੇ ਵਿਆਹ ਦੇ ਲਈ ਸਰਕਾਰੀ ਪੈਸੇ ਦੀ ਵਰਤੋਂ ਕੀਤੀ ਹੈ।
ਸਾਬਕਾ CM ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਚਮਕੌਰ ਸਾਹਿਬ ’ਚ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਦਾ ਉਦਘਾਟਨ ਕੀਤਾ ਸੀ, ਉਸ ਸਮੇਂ ਉਦਘਾਟਨ ਸਮਾਰੋਹ ’ਤੇ ਕਰੀਬ 1 ਕਰੋੜ 47 ਲੱਖ ਰੁਪਏ ਦਾ ਖ਼ਰਚ ਆਇਆ ਸੀ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਇਹ ਭ੍ਰਿਸ਼ਟਾਚਾਰ ਚਰਨਜੀਤ ਸਿੰਘ ਚੰਨੀ ਦੇ ਪੁੱਤ ਦੇ ਵਿਆਹ ਦੌਰਾਨ ਖ਼ਰਚੇ ਲਈ ਕੀਤਾ ਗਿਆ ਸੀ। ਬਠਿੰਡਾ ਦੇ ਪਿੰਡ ਭਾਗੂ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਨੇ ਇਸ ਸਬੰਧੀ ਸ਼ਿਕਾਇਤ ਵਿਜੀਲੈਂਸ ਬਿਓਰੋ ਨੂੰ ਦਿੱਤੀ ਹੈ, ਜਿਸ ’ਚ ਉਸ ਨੇ ਦੱਸਿਆ ਕਿ ਉਦਘਾਟਨ ਸਮਾਰੋਹ ਮੌਕੇ ਕਰੀਬ 1 ਕਰੋੜ 47 ਲੱਖ ਰੁਪਏ ਦਾ ਖ਼ਰਚਾ ਕੀਤਾ ਗਿਆ, ਜੋ ਕਿ ਬਜ਼ਾਰ ਦੇ ਰੇਟਾਂ ਨਾਲੋ ਕਿਤੇ ਜ਼ਿਆਦਾ ਹੈ।
ਰਾਜਵਿੰਦਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਦੇ ਅਧਿਕਾਰੀ ਤੱਥਾਂ ਦੀ ਜਾਂਚ ’ਚ ਜੁੱਟ ਗਏ ਹਨ। ਦੱਸ ਦਈਏ ਕਿ 19 ਨਵੰਬਰ, 2021 ਨੂੰ ਚਮਕੌਰ ਸਾਹਿਬ ’ਚ ਜੋ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਦਾ ਉਦਘਾਟਨ ਹੋਇਆ ਸੀ, ਉਸ ਦੇ ਪ੍ਰਬੰਧਾਂ ’ਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹਨ, ਇਸ ਵੇਲੇ ਏ. ਆਈ. ਜੀ. ਮਨਮੋਹਨ ਸ਼ਰਮਾ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਘਪਲੇ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਤੇ ਕਿਹਾ ਹੈ ਕਿ ਸਰਕਾਰ ਹੱਥ ਧੋ ਕੇ ਉਨ੍ਹਾਂ ਪਿੱਛੇ ਪਈ ਹੋਈ ਹੈ। ਪੰਜਾਬ ਸਰਕਾਰ ਹਰ ਹਾਲਤ ’ਚ ਮੈਨੂੰ ਅੰਦਰ ਕਰਨਾ ਚਾਹੁੰਦੀ ਹੈ, ਜਿਸ ਕਾਰਨ ਮੇਰੀ ਜਾਇਦਾਦ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ।