
ਮੌਸਮ ਵਿਭਾਗ ਵਲੋ ਪੰਜਾਬ ਲਈ ਓਰੇਂਜ ਅਲਰਟ ਜਾਰੀ
ਚੰਡੀਗੜ੍ਹ, 29 ਦਸੰਬਰ (ਭੁੱਲਰ) : ਪੰਜਾਬ 'ਚ ਅੱਜ ਕੁੱਝ ਕੁ ਥਾਵਾਂ ਹਲਕੀ ਬੂੰਦ ਬਾਂਦੀ ਨੂੰ ਛੱਡ ਕੇ ਮੌਸਮ ਠੀਕ ਰਿਹਾ | ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਮੁਤਾਬਕ ਉੱਤਰੀ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਹਿਸਿਆਂ ਵਿਚ 30 ਦਸੰਬਰ ਤਕ ਦਿਨ ਵੇਲੇ ਧੁੱਪ ਰਹੇਗੀ | ਪਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਵਿਚ ਹਲਕੀ ਬਾਰਿਸ ਹੋ ਸਕਦੀ ਹੈ | ਇਸ ਤੋਂ ਬਾਅਦ 31 ਦਸੰਬਰ ਤੋਂ ਪੰਜਾਬ 'ਚ ਸੀਤ ਲਹਿਰ ਤੇਜ ਹੋ ਜਾਵੇਗੀ ਅਤੇ ਸੰਘਣੀ ਧੁੰਦ ਛਾਈ ਰਹੇਗੀ | 3 ਜਨਵਰੀ ਤਕ ਮੌਸਮ ਅਜਿਹਾ ਹੀ ਰਹੇਗਾ | ਸੰਘਣੀ ਧੁੰਦ ਅਤੇ ਸੀਤ ਲਹਿਰ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ | ਵਿਜ਼ੀਬਿਲਟੀ ਬਹੁਤ ਘੱਟ ਹੋਵੇਗੀ | ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਬਠਿੰਡਾ ਸੂਬੇ ਦਾ ਸਭ ਤੋਂ ਠੰਢਾ ਰਿਹਾ | ਇਥੇ ਘੱਟੋ-ਘੱਟ ਤਾਪਮਾਨ 1.0 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ | ਮੰਗਲਵਾਰ ਨੂੰ ਇਹ 1.4 ਡਿਗਰੀ ਸੈਲਸੀਅਸ ਸੀ | ਘੱਟੋ-ਘੱਟ ਤਾਪਮਾਨ ਨਵਾਂਸ਼ਹਿਰ 'ਚ 1.5, ਅੰਮਿ੍ਤਸਰ ਵਿਚ 2.9, ਮੁਕਤਸਰ ਵਿਚ 2.9, ਹੁਸ਼ਿਆਰਪੁਰ 'ਚ 3.4, ਮੋਗਾ 'ਚ 3.8, ਰੂਪਨਗਰ 'ਚ 4.5, ਜਲੰਧਰ 'ਚ 4.6, ਲੁਧਿਆਣਾ ਵਿਚ 6.4 ਅਤੇ ਪਟਿਆਲਾ 'ਚ 6.8 ਰਿਹਾ |