
ਪਿੰਡ ਰੋਡੇ ਦੇ ਪ੍ਰਵਾਸੀ ਪੰਜਾਬੀ ਪ੍ਰਵਾਰ ਦੀ ਨਾਜਾਇਜ਼ ਕਬਜ਼ੇ ਹੇਠ ਜ਼ਮੀਨ ਨੂੰ ਛੁਡਾਏਗੀ ਪੰਜਾਬ ਸਰਕਾਰ
ਮਾਮਲੇ ਵਿਚ ਸ਼ਾਮਲ ਹਰੇਕ ਅਧਿਕਾਰੀ ਵਿਰੁਧ ਹੋਵੇਗੀ ਕਾਨੂੰਨੀ ਕਾਰਵਾਈ
ਬਾਘਾ ਪੁਰਾਣਾ/ ਨੱਥੂਵਾਲਾ ਗਰਬੀ, 29 ਦਸੰਬਰ (ਸੰਦੀਪ ਬਾਘੇਵਾਲੀਆ/ ਬਲਵੰਤ ਸਿੰਘ ਜੈਮਲ ਵਾਲਾ) : ਪਿੰਡ ਰੋਡੇ ਦੇ ਯੂ.ਕੇ. ਵਸਦੇ ਪ੍ਰਵਾਸੀ ਪੰਜਾਬੀ ਪਰਵਾਰ ਨੂੰ ਹੁਣ ਆਸ ਬੱਝ ਗਈ ਹੈ ਕਿ ਉਨ੍ਹਾਂ ਦੀ ਨਾਜਾਇਜ਼ ਕਬਜ਼ੇ ਹੇਠ ਜ਼ਮੀਨ ਨੂੰ ਛੁਡਾ ਕੇ ਜਲਦ ਹੀ ਉਨ੍ਹਾਂ ਦੇ ਸਪੁਰਦ ਕਰ ਦਿਤਾ ਜਾਵੇਗਾ |
ਅੱਜ ਪਿੰਡ ਰੋਡੇ ਵਿਖੇ ਸਬੰਧਤ ਜ਼ਮੀਨ ਅਤੇ ਮਕਾਨ ਦਾ ਮੌਕਾ ਵੇਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਦਸਿਆ ਕਿ ਯੂ.ਕੇ. ਵਾਸੀ ਸਵਰਗੀ ਹਰਨਾਮ ਸਿੰਘ ਅਤੇ ਉਨ੍ਹਾਂ ਦੀ ਪਤਨੀ ਜਸਪਾਲ ਕੌਰ ਦੀ 17.5 ਏਕੜ ਜ਼ਮੀਨ ਅਤੇ ਜੱਦੀ ਘਰ 'ਤੇ ਪਿੰਡ ਦੇ ਹੀ ਇਕ ਰਸੂਖਦਾਰ ਪਰਵਾਰ ਵਲੋਂ ਕਥਿਤ ਤੌਰ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ | ਇਹ ਕਬਜ਼ਾ ਕਰਾਉਣ ਵਿੱਚ ਸਾਲ 2019 ਵਿਚ ਤਹਿਸੀਲ ਬਾਘਾਪੁਰਾਣਾ ਵਿਖੇ ਤਾਇਨਾਤ ਰਹੇ ਕੱੁਝ ਸਰਕਾਰੀ ਅਧਿਕਾਰੀ ਵੀ ਸ਼ਾਮਲ ਰਹੇ ਹਨ | ਉਨ੍ਹਾਂ ਕਿਹਾ ਕਿ ਪੀੜਤ ਪਰਵਾਰ ਅਪਣੀ ਜ਼ਮੀਨ ਛੁਡਵਾਉਣ ਲਈ ਪਿਛਲੀ ਸਰਕਾਰ ਦੌਰਾਨ ਦਰ-ਦਰ ਭਟਕਦਾ ਰਿਹਾ ਪਰ ਉਸ ਦੀ ਬਾਂਹ ਕਿਸੇ ਨੇ ਵੀ ਨਹੀਂ ਫੜੀ | ਅੰਤ ਯੂ.ਕੇ. ਵਾਸੀ ਹਰਨਾਮ ਸਿੰਘ ਜਹਾਨੋਂ ਰੁਖਸਤ ਹੋ ਗਿਆ | ਹੁਣ ਉਨ੍ਹਾਂ ਦੇ ਰਿਸ਼ਤੇਦਾਰ ਸੁਰਜੀਤ ਸਿੰਘ ਵਲੋਂ ਇਹ ਲੜਾਈ ਲੜੀ ਜਾ ਰਹੀ ਹੈ |
ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਇਸ ਮਾਮਲੇ ਵਿਚ ਕਾਨੂੰਨੀ ਚਾਰਾਜੋਈ ਕਰ ਕੇ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਪੀੜਤ ਪਰਵਾਰ ਨੂੰ ਅਪਣੀ ਜ਼ਮੀਨ ਅਤੇ ਘਰ ਵਾਪਸ ਮਿਲ ਜਾਣ | ਇਸ ਤੋਂ ਇਲਾਵਾ ਇਸ ਮਾਮਲੇ ਵਿਚ ਸ਼ਾਮਲ ਹਰੇਕ ਅਧਿਕਾਰੀ ਵਿਰੁਧ ਹੋਵੇਗੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਭਾਵੇਂਕਿ ਉਨ੍ਹਾਂ ਵਿਚੋਂ ਕੁੱਝ ਸੇਵਾਮੁਕਤ ਹੀ ਕਿਉਂ ਨਾ ਹੋ ਗਏ ਹੋਣ | ਉਨ੍ਹਾਂ ਇਸ ਮੌਕੇ ਹਾਜ਼ਰ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੂੰ ਹਦਾਇਤ ਕੀਤੀ ਕਿ ਪੀੜਤ ਪਰਵਾਰ ਨੂੰ ਉਨ੍ਹਾਂ ਦੇ ਘਰ ਦਾ ਕਬਜ਼ਾ ਅਗਲੇ ਦੋ ਦਿਨਾਂ ਵਿਚ ਦਿਵਾਇਆ ਜਾਵੇ |
ਕੁਲਦੀਪ ਸਿੰਘ ਧਾਲੀਵਾਲ ਨੇ ਸਮੂਹ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਪ੍ਰਵਾਸੀ ਪੰਜਾਬ ਜੋ ਵਿਦੇਸ਼ ਵਿਚ ਬੈਠਾ ਹੈ ਅਤੇ ਉਸ ਦਾ ਪੰਜਾਬ ਨਾਲ ਸਬੰਧਤ ਕੋਈ ਵੀ ਮਾਮਲਾ ਪੈਡਿੰਗ ਹੈ ਤਾਂ ਇਹ ਜ਼ਰੂਰੀ ਨਹੀਂ ਉਹ ਨਿੱਜੀ ਤੌਰ 'ਤੇ ਪੰਜਾਬ ਆ ਕੇ ਸਾਡੇ ਅੱਗੇ ਪੇਸ਼ ਹੋ ਕੇ ਅਪਣੇ ਮਸਲੇ ਦੇ ਹੱਲ ਲਈ ਫਰਿਆਦ ਕਰਨ |
ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀ ਪਿੰਡਾਂ ਵਿੱਚ ਰਹਿੰਦੇ ਆਪਣੇ ਸਾਕ ਸਬੰਧੀਆਂ ਰਾਹੀਂ ਅਪਣੀਆਂ ਦਰਖਾਸਤਾਂ ਸਾਡੇ ਸਾਹਮਣੇ ਪੇਸ਼ ਕਰ ਸਕਦੇ ਹਨ ਅਤੇ ਸਰਕਾਰ ਮਿੱਥੇ ਸਮੇਂ ਵਿੱਚ ਉਨ੍ਹਾਂ ਦੇ ਮਸਲਿਆਂ ਦਾ ਨਿਪਟਾਰਾ ਕਰੇਗੀ |
29 ਮੋਗਾ ਸੰਦੀਪ 01
ਕੈਪਸ਼ਨ : ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ | (ਸੰਦੀਪ)