
ਦੀਦਾਰ ਸਿੰਘ ਨਲਵੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖਿਆ ਪੱਤਰ
ਚੰਡੀਗੜ੍ਹ: ਦੀਦਾਰ ਸਿੰਘ ਨਲਵੀ ਸੀਨੀਅਰ ਮੀਤ ਪ੍ਰਧਾਨ, ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਕ ਖੁਲ੍ਹਾ ਪੱਤਰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਿਆ ਹੈ। ਉਨ੍ਹਾਂ ਇਹ ਲਿਖਿਆ ਹੈ ਕਿ ਸਿਰੋਪਾਉ ਵਿਸ਼ੇ 'ਤੇ ਮੈਂ ਆਪ ਦੇ ਗਿਆਤ ਹਿੱਤ 'ਸਿੱਖ ਧਰਮ ਵਿਸ਼ਵਕੋਸ਼' (ਪੰਜਾਬੀ ਯੂਨੀਵਰਸਟੀ, ਪਟਿਆਲਾ) ਵਿਚ ਅੰਕਿਤ ਸ਼ਬਦ ਸਿਰੋਪਾਉ ਦੀ ਪ੍ਰੀਭਾਸ਼ਾ ਬਾਰੇ ਸੰਖੇਪ ਵਿਚ ਦਸ ਰਿਹਾ ਹਾਂ।
ਉਨ੍ਹਾਂ ਅੱਗੇ ਲਿਖਿਆ ਹੈ ਕਿ ਸਿਰੋਪਾਉ ਸ਼ਬਦ ਫ਼ਾਰਸੀ ਅੱਖਰ ਸਰ-ਓ-ਪਾ ਭਾਵ ਸਿਰ ਅਤੇ ਪੈਰ ਜਾਂ ਸਰਾਪਾ ਭਾਵ ਸਤਿਕਾਰ ਵਜੋਂ ਸਿਰ ਤੋਂ ਪੈਰਾ ਤਕ ਪਹਿਨਣ ਲਈ ਦਿਤਾ ਜਾਣਾ ਵਾਲਾ ਪਹਿਰਾਵਾ ਹੈ। ਸਿੱਖ ਸ਼ਬਦਾਵਲੀ ਵਿਚ ਇਸ ਨੂੰ ਕਿਸੇ ਨੂੰ ਮਾਣ ਸਤਿਕਾਰ ਦੇ ਪਛਾਣ ਚਿੰਨ੍ਹ ਵਜੋਂ ਦਿਤੇ ਜਾਣ ਵਾਲੇ ਕਪੜੇ ਲਈ ਵਰਤਿਆ ਜਾਂਦਾ ਹੈ।
ਇਹ ਖਿਲਅਤ ਦੇ ਬਰਾਬਰ ਦਾ ਸ਼ਬਦ ਹੈ ਪਰ ਇਸ ਦਾ ਖਿਲਅਤ ਨਾਲੋਂ ਇਹ ਅੰਤਰ ਹੈ ਕਿ ਖਿਲਅਤ ਕਿਸੇ ਰਾਜਨੀਤਿਕ ਸ਼ਕਤੀ ਵਜੋਂ ਦਿਤੀ ਜਾਂਦੀ ਹੈ। ਪਰ ਸਿਰੋਪਾਉ ਧਾਰਮਕ ਜਾਂ ਸਮਾਜਕ ਹਸਤੀ ਜਾਂ ਸੰਸਥਾ ਦੁਆਰਾ ਦਿਤਾ ਜਾਂਦਾ ਹੈ। ਸਿੱਖਾਂ ਵਿਚ ਸਿਰੋਪਾਉ ਸਤਿਕਾਰ ਅਤੇ ਕਿਰਪਾ ਦਾ ਪ੍ਰਤੀਕ ਹੈ। ਇਸ ਪਰੰਪਰਾ ਨੂੰ ਗੁਰੂ ਅੰਗਦ ਦੇਵ ਤਕ ਲਭਿਆ ਜਾ ਸਕਦਾ ਹੈ ਜੋ ਹਰ ਸਾਲ ਗੁਰੂ ਅਮਰਦਾਸ ਜੀ ਨੂੰ ਸਿਰ ਢਕਣ ਵਾਲੀ ਇਕ ਛੋਟੀ ਦਸਤਾਰ ਦਿਆ ਕਰਦੇ ਸਨ।
ਉਨ੍ਹਾਂ ਅਪਣੇ ਪੱਤਰ ਵਿਚ ਅੱਗੇ ਲਿਖਿਆ ਹੈ ਕਿ ਅੱਜਕਲ ਗੁਰੂ ਪ੍ਰੰਥ ਸਾਹਿਬ ਵਲੋਂ ਸੰਗਤ ਰਾਹੀ ਸਿਰੋਪਾਉ ਤੋਹਫ਼ੇ ਦੇ ਤੌਰ 'ਤੇ ਉਸ ਵਿਅਕਤੀ ਨੂੰ ਦਿਤਾ ਜਾਂਦਾ ਹੈ ਜੋ ਅਪਣੀ ਸ਼ਰਧਾ ਅਤੇ ਦ੍ਰਿੜਤਾ ਕਰ ਕੇ ਇਸ ਸਤਿਕਾਰ ਦਾ ਹਕਦਾਰ ਬਣਦਾ ਹੈ। ਪੱਕੇ ਤੌਰ 'ਤੇ ਇਹ ਲੰਮਾ ਕਪੜਾ ਦੋ ਜਾਂ ਢਾਈ ਮੀਟਰ ਦੀ ਲੰਬਾਈ ਦਾ ਹੁੰਦਾ ਹੈ ਜਿਸ ਨੂੰ ਆਮ ਕਰ ਕੇ ਕੇਸਰੀ ਰੰਗ ਵਿਚ ਰੰਗਿਆ ਹੁੰਦਾ ਹੈ।
ਸਿਰੋਪਾਉ ਸੱਭ ਤੋਂ ਵੱਡਾ ਇਨਾਮ ਹੈ ਜਿਸ ਨੂੰ ਇਕ ਸਿੱਖ ਸੰਗਤ ਵਿਚ ਪ੍ਰਾਪਤ ਕਰਦਾ ਹੈ। ਸੰਗਤ ਰਾਹੀਂ ਦਿਤਾ ਜਾਣ ਵਾਲਾ ਇਹ ਗੁਰੂ ਦਾ ਸੱਭ ਤੋਂ ਕੀਮਤੀ ਤੋਹਫ਼ਾ ਹੈ। ਸਿਰੋਪਾਉ ਵਡਮੁੱਲੇ ਗੁਣਾਂ ਅਤੇ ਸ਼ਰਧਾ ਕਰ ਕੇ ਪ੍ਰਾਪਤ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਲਿਖਿਆ ਹੈ ਕਿ ਇਹ ਪ੍ਰੀਭਾਸ਼ਾ ਸਿੱਖ ਧਰਮ ਵਿਸ਼ਵਕੋਸ਼ ਵਿਚ ਦਰਜ ਹੋਣ ਕਰ ਕੇ ਸਿੱਖ ਜਗਤ ਇਸ ਨੂੰ ਅੰਤਮ ਪ੍ਰੀਭਾਸ਼ਾ ਮੰਨਦਾ ਹੈ।
ਇਸ ਵਿਚ ਕਿਸੇ ਤਬਦੀਲੀ, ਸੋਧ ਸੰਸ਼ੋਧਨ, ਤਰਮੀਮ ਜਾਂ ਸੁਧਾਰ ਦੀ ਗੁੰਜਾਇਸ਼ ਨਹੀਂ। ਪਿਛਲੇ ਕਈ ਸਾਲਾਂ ਤੋਂ ਸੰਗਤ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ ਕਿ ਸਹਿਜੇ ਸਹਿਜੇ ਸਿਰੋਪਾਉ ਦੇ ਆਕਾਰ, ਰੰਗ, ਕਪੜੇ ਆਦਿ ਦੀ ਕੁਆਲਟੀ ਵਿਚ ਜਿਸ ਚਲਾਕੀ ਨਾਲ ਤਬਦੀਲੀ ਹੋ ਰਹੀ ਹੈ, ਜੇ ਇਸ 'ਤੇ ਅੰਕੁਸ਼ ਨਾ ਲਾਇਆ ਗਿਆ ਤਾਂ ਕਲ ਨੂੰ ਇਸ ਦਾ ਸਰੂਪ ਕੀ ਹੋਵੇਗਾ।
ਅੱਜ ਇਸ ਦਾ ਕਿਆਸ ਕਰਨਾ ਮੁਸ਼ਕਲ ਹੈ। ਪੰਥਕ ਰੂਪ ਵਿਚ ਇਸ ਪ੍ਰਸ਼ਨ ਦੇ ਨਿਪਟਾਰੇ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਲਾਵਾ ਸਮਰਥ ਹਸਤੀ ਹੋਰ ਕੌਣ ਹੋ ਸਕਦਾ ਹੈ ? ਨਲਵੀ ਨੇ ਅਪਣੇ ਪੱਤਰ ਦੇ ਅਖ਼ੀਰ ਵਿਚ ਲਿਖਿਆ ਹੈ ਕਿ ਮਿਤੀ 27 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੋ ਸਿਰੋਪਾਉ ਭਾਈ ਪਿੰਦਰਪਾਲ ਸਿੰਘ ਨੂੰ ਭੇਟ ਕੀਤਾ ਗਿਆ ਸੀ ਉਸ ਨੂੰ ਮੇਰੇ ਕਿੰਤੂ ਦਾ ਆਧਾਰ ਮੰਨ ਕੇ ਇਸ ਸਬੰਧੀ ਸਹੀ ਸਥਿਤੀ ਨੂੰ ਜਨਤਕ ਰੂਪ ਵਿਚ ਪੇਸ਼ ਕੀਤਾ ਜਾਵੇ।