
ਰਣਜੀਤ ਸਿੰਘ ਕਾਜਮਪੁਰ ਉਤੇ ਢਾਹਿਆ ਦਿੱਲੀ ਪੁਲਿਸ ਨੇ ਕਹਿਰ ਦਾ ਤਸ਼ਦਦ
ਨਵਾਸ਼ਹਿਰ, 30 ਜਨਵਰੀ (ਦੀਦਾਰ ਸਿੰਘ ਸ਼ੇਤਰਾ, ਸੁਖਜਿੰਦਰ ਸਿੰਘ ਭੰਗਲ): ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਬੇਟ ਖੇਤਰ ਦੇ ਪਿੰਡ ਕਾਜਮਪੁਰ ਵਾਸੀ ਨੌਜਵਾਨ ਰਣਜੀਤ ਸਿੰਘ ਜਿਸ ਉਪਰ ਬੀਤੇ ਦਿਨ ਸਿੰਘੂ ਬਾਰਡਰ ਉਤੇ ਪੁਲਿਸ ਨੇ ਅਨ੍ਹਾਂ ਤਸ਼ਦਦ ਕੀਤਾ ਸੀ ਦੇ ਪ੍ਰਵਾਰ ਦੇ ਮੈਂਬਰ ਡਾਢੇ ਪ੍ਰੇਸ਼ਾਨ ਹਨ। ਨੌਜਵਾਨ ਦੀ ਮਾਤਾ ਸਰਬਜੀਤ ਕੌਰ ਅਤੇ ਤਾਇਆ ਹਰਭਜਨ ਸਿੰਘ ਨੇ ਦਸਿਆ ਕਿ ਸਾਡਾ ਰਣਜੀਤ 21 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 26 ਜਨਵਰੀ ਦੀ ਟਰੈਕਟਰ ਪ੍ਰੇਡ ਵਿਚ ਭਾਗ ਲੈਣ ਗਿਆ ਸੀ।
ਬੀਤੇ ਕਲ ਜਦੋਂ ਆਰ ਐਸ ਐਸ ਦੇ ਗੁੰਡਿਆਂ ਨੇ ਸਿੰਘੂ ਬਾਡਰ ਉਤੇ ਔਰਤਾਂ ਵਾਲੇ ਟੈਂਟ ਉਤੇ ਧਾਵਾ ਬੋਲ ਕੇ ਔਰਤਾਂ ਨਾਲ ਭੈੜਾ ਵਰਤਾਉ ਕਰਨ ਹਿੱਤ ਹੱਥੋ ਪਾਈ ਕਰਨੀ ਸ਼ੁਰੂ ਕੀਤੀ ਤਾਂ ਇਸ ਅੰਮ੍ਰਿਤ ਧਾਰੀ ਨੌਜੁਆਨ ਨੇ ਅਪਣਾ ਇਖਲਾਕੀ ਫ਼ਰਜ਼ ਸਮਝਦਿਆਂ ਅਪਣੇ ਸ੍ਰੀ ਸਾਹਿਬ ਨਾਲ ਇਨ੍ਹਾਂ ਗੁੰਡੇ ਅਨਸਰਾਂ ਦਾ ਵਿਰੋਧ ਕਰਦਿਆਂ ਮੁਕਾਬਲਾ ਕੀਤਾ ਸੀ ਜਿਸ ਉਪਰੰਤ ਦਿੱਲੀ ਪੁਲਿਸ ਨੇ ਗੁੰਡਾ ਅਨਸਰ ਨੂੰ ਰੋਕਣ ਦੀ ਥਾਂ ਰਣਜੀਤ ਸਿੰਘ ਉਪਰ ਤਸ਼ਦਦ ਢਾਹੁੰਦਿਆਂ ਉਸ ਨੂੰ ਗੰਭੀਰ ਹਾਲਤ ਵਿਚ ਚੁੱਕ ਕੇ ਅਪਣੇ ਨਾਲ ਲੈ ਗਈ ਦਸਿਆ ਜਾ ਰਿਹਾ ਹੈ।
ਕਾਜਮਪੁਰ ਵਾਸੀਆਂ ਨੇ ਦਸਿਆ ਕਿ ਰਣਜੀਤ ਗੁਰਸਿੱਖ ਵਿਚਾਰਾਂ ਦਾ ਸ਼ਾਂਤ ਰਹਿਣ ਵਾਲ੍ਹਾ ਅੰਮ੍ਰਿਤਧਾਰੀ ਨੌਜਵਾਨ ਹੈ। ਉਸ ਵਲੋਂ ਔਰਤਾਂ ਦੇ ਬਚਾਉ ਲਈ ਚੁਕਿਆ, ਇਹ ਕਦਮ, ਉਸ ਉੱਤੇ ਅਮਿਤ ਸ਼ਾਹ ਦੀ ਪੁਲਿਸ ਨੇ ਏਨਾ ਤਸ਼ਦਦ ਢਾਅ ਕੇ ਕਾਨੂੰਨ ਨੂੰ ਅਪਣੇ ਹੱਥ ਵਿਚ ਲਿਆ ਹੈ। ਉਸ ਦਾ ਪਿਛੋਕੜ ਬਹੁਤ ਹੀ ਸ਼ਰਾਫ਼ਤ ਭਰਿਆ ਹੈ।
ਇਲਾਕੇ ਦੇ ਸੀਨੀਅਰ ਸਿਆਸੀ ਆਗੂ ਸਤਨਾਮ ਸਿੰਘ ਜਲਵਾਹਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਣਜੀਤ ਸਿੰਘ ਨੂੰ ਤੁਰਤ ਰਿਹਾ ਕਰ ਕੇ ਮਾਪਿਆਂ ਦੇ ਹਵਾਲੇ ਕੀਤਾ ਜਾਵੇ। ਸਰਬਜੀਤ ਕੌਰ (ਰਣਜੀਤ ਸਿੰਘ ਦੀ ਮਾਤਾ) ਅਤੇ ਹਰਭਜਨ ਸਿੰਘ (ਰਣਜੀਤ ਸਿੰਘ ਦਾ ਤਾਇਆ) ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਣਜੀਤ ਨੂੰ ਤੁਰਤ ਰਿਹਾ ਕੀਤਾ ਜਾਵੇ ਤਾਕਿ ਉਸ ਦਾ ਯੋਗ ਇਲਾਜ ਕਰਵਾਇਆ ਜਾਵੇ।
ਤਸਵੀਰ 30 ਜਨਵਰੀ 01
ਰਣਜੀਤ ਸਿੰਘ ਕਾਜ਼ਮਪੁਰ, ਉਸ ਦੀ ਮਾਤਾ ਅਤੇ ਇਲਾਕਾ ਵਾਸੀ ਪਰਿਵਾਰ ਨੂੰ ਧਰਵਾਸ ਦਿਵਾਉਂਦੇ ਹੋਏ