
ਕਾਂਗਰਸ ਦੀ ਆਖ਼ਰੀ ਸੂਚੀ 'ਚ ਮੁੱਖ ਮੰਤਰੀ ਚੰਨੀ ਨੂੰ ਦੂਜੀ ਸੀਟ ਭਦੌੜ ਤੋਂ ਵੀ ਉਮੀਦਵਾਰ ਐਲਾਨਿਆ
ਮਾਲਵਾ 'ਚ 'ਆਪ' ਦੀ ਚੁਨੌਤੀ ਨੂੰ ਦੇਖਦਿਆਂ ਦਲਿਤ ਵੋਟ ਖਿੱਚਣ ਲਈ ਕਾਂਗਰਸ ਨੇ ਖੇਡਿਆ ਚੰਨੀ ਵਾਲਾ ਪੱਤਾ
ਚੰਡੀਗੜ੍ਹ, 30 ਜਨਵਰੀ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਧਾਨ ਸਭਾ ਦੀਆਂ 20 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ ਨੇ ਅੱਜ ਅਪਣੇ ਬਾਕੀ ਰਹਿੰਦੇ 8 ਉਮੀਦਵਾਰਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿਤਾ ਹੈ | ਜਾਰੀ ਕੀਤੀ ਇਸ ਸੂਚੀ ਵਿਚ ਸੱਭ ਤੋਂ ਅਹਿਮ ਗੱਲ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੀ ਇਸ ਵਿਚ ਨਾਂ ਸ਼ਾਮਲ ਹੈ | ਪਹਿਲਾਂ ਉਹ ਸ੍ਰੀ ਚਮਕੌਰ ਸਾਹਿਬ ਤੋਂ ਉਮੀਦਵਾਰ ਬਣ ਚੁੱਕੇ ਹਨ ਪਰ ਹੁਣ ਅੱਜ ਜਾਰੀ ਹੋਈ ਸੂਚੀ ਵਿਚ ਉਨ੍ਹਾਂ ਨੂੰ ਭਗਵੰਤ ਮਾਨ ਦੇ ਲੋਕ ਸਭਾ ਹਲਕਾ ਸੰਗਰੂਰ ਵਿਚ ਪੈਂਦੇ ਹਲਕਾ ਭਦੌੜ (ਰਿਜ਼ਰਵ) ਤੋਂ ਉਮੀਦਵਾਰ ਐਲਾਨਿਆ ਗਿਆ ਹੈ | ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਮਾਲਵੇ ਵਿਚ ਵੱਡੀ ਚੁਨੌਤੀ ਨੂੰ ਦੇਖਦਿਆਂ ਐਸ.ਸੀ. ਵੋਟ ਨੂੰ ਖਿੱਚਣ ਲਈ ਹੀ ਕਾਂਗਰਸ ਹਾਈਕਮਾਨ ਨੇ ਚੰਨੀ ਨੂੰ ਉਮੀਦਵਾਰ ਬਣਾਉਣ ਦਾ ਪੱਤਾ ਖੇਡਿਆ ਹੈ |
ਇਥੇ ਪਿਛਲੀ ਵਾਰ 'ਆਪ' ਦੇ ਪਿਰਮਲ ਸਿੰਘ ਜਿੱਤੇ ਸਨ ਜੋ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ | ਜਾਰੀ ਸੂਚਨਾ ਵਿਚ ਜਲਾਲਾਬਾਦ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਦੇ ਮੁਕਾਬਲੇ ਬਸਪਾ ਵਿਚੋਂ ਆਏ ਪ੍ਰਮੁੱਖ ਆਗੂ ਮੋਹਨ ਸਿੰਘ ਫਲੀਆਂਵਾਲਾ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ | ਇਸ ਸੂਚੀ 'ਤੇ ਨਜ਼ਰ ਮਾਰੀਏ ਤਾਂ 'ਆਪ' ਦੇ ਪਿਰਮਲ ਸਿੰਘ ਸਮੇਤ ਚਾਰ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ | ਬਰਨਾਲਾ ਹਲਕੇ ਤੋਂ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਨਹੀਂ ਮਿਲੀ ਅਤੇ ਉਥੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅਪਣੇ ਬੇਟੇ ਮਨੀਸ਼ ਬਾਂਸਲ ਨੂੰ ਟਿਕਟ ਦਿਵਾਉਣ ਵਿਚ ਸਫ਼ਲ ਹੋਏ ਹਨ | ਇਕ ਹੋਰ ਅਹਿਮ ਹਲਕੇ ਪਟਿਆਲਾ (ਸ਼ਹਿਰੀ) ਤੋਂ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੂੰ ਉਮੀਦਵਾਰ
ਬਣਾਇਆ ਗਿਆ ਹੈ ਜਿਨ੍ਹਾਂ ਦਾ ਮੁੱਖ ਮੁਕਾਬਲਾ ਕੈਪਟਨ ਅਮਰਿੰਦਰ ਸਿੰਘ ਨਾਲ ਹੋਵੇਗਾ | ਇਸੇ ਤਰ੍ਹਾਂ ਨਵਾਂਸ਼ਹਿਰ ਹਲਕੇ ਤੋਂ ਮੌਜੂਦਾ ਵਿਧਾਇਕ ਅੰਗਦ ਸੈਣੀ ਦੀ ਟਿਕਟ ਕੱਟ ਕੇ ਉਨ੍ਹਾਂ ਦੀ ਥਾਂ ਨਵੇਂ ਚਿਹਰੇ ਸਤਬੀਰ
ਸਿੰਘ ਪੱਲੀਝਿੱਕੀ ਨੂੰ ਟਿਕਟ ਦਿਤੀ ਗਈ ਹੈ |
ਜਲਾਲਾਬਾਦ ਹਲਕੇ ਤੋਂ ਮੌਜੂਦਾ ਵਿਧਾਇਕ ਰਮਿੰਦਰ ਆਵਲਾ ਨੂੰ ਟਿਕਟ ਨਹੀਂ ਦਿਤੀ ਗਈ | ਉਹ ਇਸ ਵਾਰ ਹਲਕਾ ਗੁਰੂ ਹਰਸਹਾਏ ਤੋਂ ਟਿਕਟ ਮੰਗ ਰਹੇ ਸਨ ਪਰ ਪਾਰਟੀ ਨੇ ਕਿਸੇ ਨੂੰ ਇਸ ਵਾਰ ਹਲਕਾ ਬਦਲਣ ਦੀ ਆਗਿਆ ਨਹੀਂ ਦਿਤੀ | ਅਟਾਰੀ ਰਿਜ਼ਰਵ ਹਲਕੇ ਤੋਂ ਤਰਸੇਮ ਸਿੰਘ ਸਿਆਲਕਾ ਨੂੰ ਟਿਕਟ ਮਿਲੀ ਹੈ | ਹਲਕਾ ਖੇਮਕਰਨ ਤੋਂ ਮੌਜੂਦਾ ਵਿਧਾਇਕ ਸੁਖਪਾਲ ਭੁੱਲਰ ਦੀ ਟਿਕਟ ਨੂੰ ਲੈ ਕੇ ਵੀ ਰੇੜਕਾ ਸੀ ਪਰ ਉਹ ਟਿਕਟ ਮੁੜ ਹਾਸਲ ਕਰਨ ਵਿਚ ਸਫ਼ਲ ਹੋ ਗਏ | ਲੁਧਿਆਣਾ ਸਾਊਥ ਤੋਂ ਈਸ਼ਵਰਜੋਤ ਸਿੰਘ ਚੀਮਾ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ | ਅਟਾਰੀ ਤੋਂ ਮੌਜੂਦਾ ਵਿਧਾਇਕ ਤਰਸੇਮ ਡੀ ਸੀ ਦੀ ਟਿਕਟ ਕੱਟੀ ਹੈ | ਹੁਣ ਤਕ ਐਲਾਨੀਆਂ ਕੁਲ ਟਿਕਟਾਂ ਵਿਚੋਂ 11 ਔਰਤਾਂ ਨੂੰ ਥਾਂ ਮਿਲੀ ਹੈ | 12 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ | ਇਸ ਤਰ੍ਹਾਂ ਕਾਂਗਰਸ ਨੇ ਸਾਰੇ 117 ਉਮੀਦਵਾਰ ਐਲਾਨ ਦਿਤੇ ਹਨ |