
ਪ੍ਰਤਾਪ ਬਾਜਵਾ ਨੇ ਵੀ ਠੋਕਿਆ ਦਾਅਵਾ
ਚੰਡੀਗੜ੍ਹ, 30 ਜਨਵਰੀ : ਪੰਜਾਬ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਸੂਬੇ 'ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ | ਸੱਭ ਤੋਂ ਵੱਧ ਹਲਚਲ ਕਾਂਗਰਸ ਪਾਰਟੀ ਅੰਦਰ ਹੈ |
ਸੂਬੇ 'ਚ 20 ਫ਼ਰਵਰੀ ਨੂੰ ਚੋਣਾਂ ਹੋਣੀਆਂ ਹਨ ਪਰ ਅਜੇ ਤਕ ਕਾਂਗਰਸ 'ਚ ਮੁੱਖ ਮੰਤਰੀ ਉਮੀਦਵਾਰ ਨੂੰ ਲੈ ਕੇ ਹਾਈ ਕਮਾਂਡ ਵਲੋਂ ਕੋਈ ਸਪੱਸ਼ਟੀਕਰਨ ਨਹੀਂ ਆਇਆ ਹੈ | ਇਸ ਕਾਰਨ ਸੂਬੇ ਦੀ ਅੰਦਰੂਨੀ ਸਿਆਸਤ ਵਿਚ ਖਲਬਲੀ ਮਚੀ ਹੋਈ ਹੈ | ਹੁਣ ਪੰਜਾਬ ਕਾਂਗਰਸ ਦੇ ਦਿੱਗਜ਼ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅਜਿਹਾ ਬਿਆਨ ਦਿਤਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜ਼ਬਰਦਸਤ ਚੁਣੌਤੀ ਮਿਲ ਸਕਦੀ ਹੈ | ਬਾਜਵਾ ਨੇ ਇਕ ਟੀਵੀ ਚੈਨਲ ਤੋਂ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ 'ਤੇ ਇਹ ਕਹਿ ਕੇ ਸਸਪੈਂਸ ਵਧਾ ਦਿਤਾ ਹੈ ਕਿ ਦੇਖੋ ਅੱਗੇ ਕੀ ਹੁੰਦਾ ਹੈ |
ਬਾਜਵਾ ਨੇ ਕਿਹਾ, ਕੀ ਕਿਸੇ ਨੇ ਸੋਚਿਆ ਸੀ ਚੰਨੀ ਮੁੱਖ ਮੰਤਰੀ ਬਣੇਗਾ? ਫਿਰ ਮੈਂ ਕਿਉਂ ਨਹੀਂ? ਜਦੋਂ ਬਾਜਵਾ ਤੋਂ ਪੁਛਿਆ ਗਿਆ ਕਿ ਕਾਂਗਰਸ 'ਚ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੈ ਤਾਂ ਉਨ੍ਹਾਂ ਕਿਹਾ ਕਿ ਚੰਨੀ ਪਹਿਲਾਂ ਹੀ ਕਾਂਗਰਸ ਪਾਰਟੀ ਨਾਲ ਮੁੱਖ ਮੰਤਰੀ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੌਣ ਬਣੇਗਾ ਇਹ ਦਿਨ, ਸਮਾਂ ਅਤੇ ਮੂਡ 'ਤੇ ਨਿਰਭਰ ਕਰਦਾ ਹੈ | ਇਥੇ ਕੁੱਝ ਵੀ ਸਥਾਈ ਨਹੀਂ ਹੈ | ਤਬਦੀਲੀ ਹੁੰਦੀ ਰਹਿੰਦੀ ਹੈ | ਬਿਆਨ ਵੀ ਬਦਲਦੇ ਰਹਿੰਦੇ ਹਨ | ਇਸ ਲਈ ਅੱਗੇ ਵੇਖੋ ਕਿ ਕੀ ਹੁੰਦਾ ਹੈ |