
Ludhiana News: ਪ੍ਰਵਾਰ ਚੁੱਪ ਚਪੀਤੇ ਕਰਨ ਲੱਗਾ ਸਸਕਾਰ ਪਰ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲਿਆ
ਲੁਧਿਆਣਾ 'ਚ 17 ਸਾਲਾ ਲੜਕੀ ਨੇ ਪੱਖੇ ਨਾਲ ਦੁਪੱਟਾ ਬੰਨ੍ਹ ਕੇ ਫ਼ਾਹਾ ਲੈ ਲਿਆ। ਪਰਿਵਾਰ ਵਾਲੇ ਲਾਸ਼ ਨੂੰ ਅੰਤਿਮ ਸਸਕਾਰ ਲਈ ਮਾਡਲ ਟਾਊਨ ਇਲਾਕੇ ਦੇ ਸ਼ਮਸ਼ਾਨਘਾਟ 'ਚ ਲੈ ਗਏ ਪਰ ਲਾਸ਼ ਦੀ ਹਾਲਤ ਨੂੰ ਦੇਖਦੇ ਹੋਏ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਸਸਕਾਰ ਨੂੰ ਰੋਕ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮ੍ਰਿਤਕ ਲੜਕੀ ਦਾ ਨਾਂ ਨੇਹਾ ਸੀ। ਨੇਹਾ ਮਾਡਲ ਟਾਊਨ ਥਾਣਾ ਖੇਤਰ ਦੀ ਅੰਬੇਡਕਰ ਕਾਲੋਨੀ ਦੀ ਰਹਿਣ ਵਾਲੀ ਸੀ। ਨੇਹਾ ਨੇ ਆਪਣੇ ਕਮਰੇ 'ਚ ਪੱਖੇ ਨਾਲ ਰੁਮਾਲ ਬੰਨ੍ਹ ਕੇ ਫ਼ਾਹਾ ਲੈ ਲਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪਰਿਵਾਰ ਵਾਲੇ ਉਸ ਨੂੰ ਨਜ਼ਦੀਕੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਿਸ ਤੋਂ ਬਾਅਦ ਪਰਿਵਾਰ ਵਾਲੇ ਲੜਕੀ ਨੂੰ ਅੰਤਿਮ ਸਸਕਾਰ ਕਰਨ ਲਈ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਲੈ ਗਏ। ਉਥੋਂ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਨੇ ਮਾਮਲੇ ਨੂੰ ਸ਼ੱਕੀ ਸਮਝਦਿਆਂ ਤੁਰੰਤ ਥਾਣਾ ਮਾਡਲ ਟਾਊਨ ਨੂੰ ਸੂਚਨਾ ਦਿੱਤੀ। ਪੁਲਿਸ ਨੇ ਸ਼ਮਸ਼ਾਨਘਾਟ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਜਿੱਥੇ ਅੱਜ ਸ਼ੁੱਕਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਥਾਣਾ ਮਾਡਲ ਟਾਊਨ ਦੇ ਜਾਂਚ ਅਧਿਕਾਰੀ ਏਐਸਆਈ ਸੀਤਾਰਾਮ ਅਨੁਸਾਰ ਮ੍ਰਿਤਕ ਦੇ ਮਾਤਾ-ਪਿਤਾ ਦੀ ਕਰੀਬ 10 ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਆਪਣੇ ਦੋ ਛੋਟੇ ਭਰਾਵਾਂ ਦੇ ਨਾਲ ਆਪਣੇ ਮਾਮੇ ਅਤੇ ਮਾਮੀ ਕੋਲ ਰਹਿੰਦੀ ਸੀ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਹ 11ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਪੜ੍ਹਾਈ ਤੋਂ ਪ੍ਰੇਸ਼ਾਨ ਸੀ। ਜਿਸ ਕਾਰਨ ਉਸ ਨੇ ਆਪਣੇ ਕਮਰੇ 'ਚ ਪੱਖੇ ਨਾਲ ਰੁਮਾਲ ਬੰਨ੍ਹ ਕੇ ਫ਼ਾਹਾ ਲੈ ਲਿਆ। ਪਰਿਵਾਰ ਵਾਲੇ ਉਸ ਨੂੰ ਨਜ਼ਦੀਕੀ ਹਸਪਤਾਲ ਲੈ ਗਏ, ਜਿੱਥੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਥੋਂ ਪਰਿਵਾਰਕ ਮੈਂਬਰ ਉਸ ਦੀ ਲਾਸ਼ ਨੂੰ ਸਸਕਾਰ ਲਈ ਲੈ ਗਏ ਪਰ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।