
ਪੰਜਾਬ ਯੂਨੀਵਰਸਟੀ ਦੇ ਬੋਰਡ ਆਫ਼ ਫ਼ਾਈਨਾਂਸ (ਬੀ.ਓ.ਐਫ਼.) ਦੀ ਹੋਈ ਮੀਟਿੰਗ ਵਿਚ ਸਾਲ 2017-18 ਲਈ 527.83 ਕਰੋੜ ਰੁਪਏ ਦੇ ਗ਼ੈਰ-ਯੋਜਨਾ ਸੋਧੇ ਹੋਏ ਬਜਟ ਨੂੰ ਪ੍ਰਵਾਨ ਕਰ ਲਿਆ
ਚੰਡੀਗੜ੍ਹ, 1 ਅਗੱਸਤ (ਬਠਲਾਣਾ): ਪੰਜਾਬ ਯੂਨੀਵਰਸਟੀ ਦੇ ਬੋਰਡ ਆਫ਼ ਫ਼ਾਈਨਾਂਸ (ਬੀ.ਓ.ਐਫ਼.) ਦੀ ਹੋਈ ਮੀਟਿੰਗ ਵਿਚ ਸਾਲ 2017-18 ਲਈ 527.83 ਕਰੋੜ ਰੁਪਏ ਦੇ ਗ਼ੈਰ-ਯੋਜਨਾ ਸੋਧੇ ਹੋਏ ਬਜਟ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਇਹ ਬਜਟ ਹੁਣ ਅੰਤਮ ਪ੍ਰਵਾਨਗੀ ਲਈ ਪਹਿਲਾਂ ਸਿੰਡੀਕੇਟ ਅਤੇ ਫਿਰ ਸੈਨੇਟ ਕੋਲ ਜਾਵੇਗਾ। ਇਸ ਤੋਂ ਪਹਿਲਾਂ ਸਾਲ 2016-17 ਦੌਰਾਨ ਗੈਰ-ਯੋਜਨਾ ਬਜਟ ਵਿਚ 502.11 ਕਰੋੜ ਦੇ ਖ਼ਰਚੇ ਦਾ ਅਨੁਮਾਨ ਸੀ ਜਦਕਿ ਆਮਦਨ ਦੀ ਰਾਸ਼ੀ 249.51 ਕਰੋੜ ਰੁਪਏ ਰੱਖੀ ਗਈ ਸੀ। ਵੀ.ਸੀ. ਪ੍ਰੋ. ਅਰੁਨ ਗਰੋਵਰ ਦੀ ਪ੍ਰਧਾਨਵੀ ਵਿਚ ਹੋਈ ਇਸ ਮੀਟਿੰਗ ਵਿਚ ਤੈਅ ਹੋਇਆ ਕਿ ਯੂਨੀਵਰਸਟੀ ਦੇ ਸੈਕਟਰ-25 ਵਿਚ ਅਧੂਰੇ ਪਏ ਬਹੁਮੰਤਵੀ ਸ਼ਭਾਘਰ (ਆਡੋਟੋਰੀਅਮ) ਦੀ ਉਸਾਰੀ ਮੁਕੰਮਲ ਕੀਤੀ ਜਾ ਸਕੇਗੀ, ਜਿਸ 'ਤੇ 23.28 ਕਰੋੜ ਰੁਪਏ ਖ਼ਰਚੇ ਜਾਣਗੇ। ਵੀ.ਸੀ ਗਰੋਵਰ ਨੇ ਦਸਿਆ ਕਿ ਯੂਨੀਵਰਸਟੀ ਦੇ ਵਿੱਤੀ ਸਾਧਨਾਂ 'ਚ ਅੰਤਰਿਕ ਵਾਧੇ ਲਈ ਥਿੰਕ-ਟੈਂਕ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਮੁਲਾਜ਼ਮਾਂ ਦਾ ਆਡਿਟ ਕੀਤਾ ਜਾਵੇਗਾ ਅਤੇ ਅਗਲੇ 5 ਸਾਲਾਂ 'ਚ ਦਫ਼ਤਰੀ ਅਮਲੇ ਦੀ ਗਿਣਤੀ ਐਮ.ਐਚ.ਆਰ.ਡੀ. ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਨਿਸ਼ਚਿਤ ਕੀਤੀ ਜਾਵੇਗੀ, ਜਿਸ ਦਾ ਭਾਵ ਹੈ ਕਿ ਇਸ ਵੇਲੇ ਦਫ਼ਤਰ ਅਮਲੇ ਦੀਆਂ ਚਾਰ ਹਜ਼ਾਰ ਤੋਂ ਵੱਧ ਅਸਾਮੀਆਂ ਹਨ ਜੋ ਘਟਾ ਕੇ 1500 ਦੇ ਕਰੀਬ ਲਿਆਂਦੀਆਂ ਜਾਣਗੀਆਂ। ਨਵੇਂ ਡੀਨ ਕਾਲਜ ਵਿਕਾਸ ਕੌਂਸਲ ਅਤੇ ਮੁੱਖ ਸੁਰੱਖਿਆ ਅਫ਼ਸਰ ਦੀ ਨਿਯੁਕਤੀ ਲਈ ਪ੍ਰਵਾਨਗੀ ਦਾ ਕੇਸ ਕੇਂਦਰ ਸਰਕਾਰ ਕੋਲ ਭੇਜਿਆ ਜਾਵੇਗਾ। ਜਦਕਿ ਪ੍ਰੋਫ਼ੈਸਰਾਂ ਦੀ ਨਿਯੁਕਤੀ ਲਈ ਵਖਰੇ ਤੌਰ 'ਤੇ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਲਈ ਜਾਵੇਗੀ। ਸਾਬਕਾ ਰਾਜ ਸਭਾ ਮੈਂਬਰ ਐਚ.ਕੇ ਦੂਆ ਵਲੋਂ ਵਿੱਤੀ ਗਰਾਂਟ 'ਚੋਂ 39.97 ਲੱਖ ਰੁਪਏ ਨਾਲ ਪੰਜਾਬ ਯੂਨਵੀਰਸਟੀ 'ਚ ਮੀਡੀਆ ਕੇਂਦਰ ਸਥਾਪਤ ਕੀਤਾ ਜਾਵੇਗਾ। ਪੈਸਕੋ ਨੂੰ ਟਿਫ਼ਿਨ, ਵਾਸ਼ਿੰਗ ਅਤੇ ਵਰਦੀ ਭੱਤੇ ਲਈ 8 ਲੱਖ ਰੁਪਏ ਪ੍ਰਵਾਨ ਕੀਤੇ ਗਏ ਹਨ। ਹੋਣਹਜਰ ਖਿਡਾਰੀਆਂ ਲਈ 26, 68, 173 ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਧਰਮਕੋਟ ਅਤੇ ਫ਼ਿਰੋਜ਼ਪੁਰ ਦੇ ਕੰਸਟੀਚਿਊਟ ਕਾਲਜਾਂ ਲਈ ਫ਼ੰਡਾਂ ਲਈ ਪੰਜਾਬ ਸਰਕਾਰ ਤਕ ਪਹੁੰਚ ਕਰਨ ਲਈ ਸਹਿਮਤੀ ਬਣੀ, ਸਕੱਤਰੇਤ ਮੁਲਾਜ਼ਮਾਂ ਨੂੰ ਮਿਲਣ ਵਾਲੀ ਵਿਸ਼ੇਸ਼ ਤਨਖ਼ਾਹ ਯੂਨੀਵਰਸਟੀ ਮੁਲਾਜ਼ਮਾਂ ਨੂੰ ਦੇਣ ਤੋਂ ਨਾਂਹ ਹੋ ਗਈ ਹੈ। ਮੀਟਿੰਗ 'ਚ ਰਜਿਸਟਰਾਰ ਜੀ.ਐਸ. ਚੱਢਾ, ਪ੍ਰੋ. ਨਵਦੀਪ ਗੋਇਲ, ਪ੍ਰੋ. ਰਜਤ ਸੰਧੀਰ, ਐਮ.ਐਚ.ਆਰ.ਡੀ. ਪ੍ਰਤੀਨਿਧ ਵਜੋਂ ਜੇਤਿੰਦਰ ਯਾਦਵ, ਸੰਜੇ ਟੰਡਨ, ਸੁਭਾਸ਼ ਸ਼ਰਮਾ ਆਦਿ ਹਾਜ਼ਰ ਸਨ।