
ਅਫ਼ਸਰਸ਼ਾਹਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ....
ਚੰਡੀਗੜ੍ਹ, 1 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਅਫ਼ਸਰਸ਼ਾਹਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦਬਾਅ ਬਣਾਉਣ ਵਾਲੇ ਇਸ ਤਰ੍ਹਾਂ ਦੇ ਦਾਅ-ਪੇਚਾਂ ਨੂੰ ਸਹਿਣ ਨਹੀਂ ਕਰੇਗੀ ਅਤੇ ਇਨ੍ਹਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।
ਕਾਂਗਰਸ ਆਗੂਆਂ ਦੇ ਕਹਿਣ 'ਤੇ ਕਥਿਤ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਰੁਧ ਝੂਠੇ ਕੇਸ ਦਰਜ ਕਰਨ ਦਾ ਦਾਅਵਾ ਕਰਦੇ ਹੋਏ ਸੁਖਬੀਰ ਵਲੋਂ ਅਧਿਕਾਰੀਆਂ ਨੂੰ ਦਿਤੀਆਂ ਗਈਆਂ ਧਮਕੀਆਂ 'ਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਦਲਾਖੋਰੀ ਵਾਲੀਆਂ ਕਾਰਵਾਈਆਂ ਵਿਚ ਵਿਸ਼ਵਾਸ ਨਹੀਂ ਰੱਖਦੀ ਅਤੇ ਹਰ ਇਕ ਮਾਮਲੇ ਵਿਚ ਜਮਹੂਰੀ ਨਿਯਮਾਂ 'ਤੇ ਚਲਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਉਪ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੇ ਭੜਕਾਊ ਬਿਆਨ ਦੇਣ ਤੋਂ ਗੁਰੇਜ਼ ਕਰਨ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਸੂਬੇ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਭੰਗ ਕਰ ਸਕਦੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਹਰ ਇਕ ਉਸ ਵਿਅਕਤੀ ਜਾਂ ਸੰਸਥਾ ਵਿਰੁਧ ਤਿੱਖੀ ਕਾਰਵਾਈ ਕਰੇਗੀ ਜੋ ਇਸ ਤਰ੍ਹਾਂ ਦੀਆਂ ਕਾਰਵਾਈਆਂ ਵਿਚ ਲਿਪਤ ਹੋਵੇਗਾ।
ਅਕਾਲੀਆਂ ਵਿਰੁਧ ਝੂਠੇ ਕੇਸ ਦਰਜ ਕਰਨ ਦੇ ਸਬੰਧ ਵਿਚ ਅਪਣੀ ਸਰਕਾਰ ਜਾਂ ਅਪਣੇ ਅਧਿਕਾਰੀਆਂ 'ਤੇ ਲੱਗੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਤਾਂ ਬਾਦਲ ਸਰਕਾਰ ਕਰਦੀ ਸੀ ਜੋ ਕਿ ਝੂਠੇ ਅਤੇ ਆਧਾਰਹੀਣ ਕੇਸ ਦਰਜ ਕਰਨ 'ਚ ਵਿਸ਼ਵਾਸ ਰੱਖਦੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੁਣ ਕਮਿਸ਼ਨ ਦਾ ਗਠਨ ਕਰ ਕੇ ਸਾਰੇ ਕੇਸਾਂ ਦੀ ਜਾਂਚ ਕਰਵਾ ਰਹੀ ਹੈ ਤਾਂ ਜੋ ਬੇਗੁਨਾਹ ਲੋਕਾਂ ਨੂੰ ਨਿਆਂ ਯਕੀਨੀ ਬਣਾਇਆ ਜਾ ਸਕੇ ਅਤੇ ਦੋਸ਼ੀਆਂ ਨੂੰ ਕਾਨੂੰਨਾਂ ਦੇ ਹੇਠ ਸਜ਼ਾ ਦਿਤੀ ਜਾ ਸਕੇ। ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੀ ਅਖੌਤੀ 'ਜਬਰ ਵਿਰੋਧੀ ਲਹਿਰ' ਦੀ ਵੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਜਬਰ ਕਰਨਾ ਬਾਦਲ ਸਰਕਾਰ ਦੀ ਕਾਰਜ ਪ੍ਰਣਾਲੀ ਦਾ ਹਿੱਸਾ ਸੀ ਅਤੇ ਕਾਂਗਰਸ ਹਮੇਸ਼ਾ ਹੀ ਜਮਹੂਰੀ ਸਿਧਾਂਤਾਂ ਅਤੇ ਕਾਨੂੰਨਾਂ ਨੂੰ ਸਖ਼ਤੀ ਨਾਲ ਬਣਾਈ ਰਖਣ ਵਿਚ ਵਿਸ਼ਵਾਸ ਰੱਖਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਅਤੇ ਹੋਰ ਅਕਾਲੀ ਆਗੂ ਅਪਣੀ ਚਮੜੀ ਬਚਾਉਣ ਲਈ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ।
ਮੁੱਖ ਮੰਤਰੀ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬਿਨਾਂ ਕਿਸੇ ਭੈਅ ਤੋਂ ਅਪਣਾ ਕੰਮ-ਕਾਜ ਕਰਨ ਦੇ ਨਿਰਦੇਸ਼ ਦਿਤੇ। ਉਨ੍ਹਾਂ ਨੇ ਹਰ ਤਰ੍ਹਾਂ ਦੀ ਜਾਇਜ਼ ਕਾਰਵਾਈ ਅਤੇ ਫ਼ੈਸਲੇ ਦੇ ਸਬੰਧ ਵਿਚ ਅਧਿਕਾਰੀਆਂ ਨੂੰ ਹਰ ਸਮਰਥਨ ਦਾ ਭਰੋਸਾ ਦਿਵਾਇਆ।