
ਬੀਤੀ ਰਾਤ ਰਜਿੰਦਰਾ ਹਸਪਤਾਲ ਦੇ ਬਾਹਰ ਬਣੀ ਪਰੌਂਠਾ ਮਾਰਕੀਟ ਵਿਖੇ ਦੋ ਗੁਟਾਂ ਵਿਚ ਹੋਈ ਤਕਰਾਰਬਾਜ਼ੀ ਨੂੰ ਲੈ ਕੇ ਝਗੜਾ ਹੋਇਆ, ਜਿਸ ਵਿਚ 4-5 ਵਿਅਕਤੀਆਂ ਦੂਜੇ ਧੜੇ ਦੇ...
ਪਟਿਆਲਾ, 1 ਅਗੱਸਤ (ਰਣਜੀਤ ਰਾਣਾ ਰੱਖੜਾ): ਬੀਤੀ ਰਾਤ ਰਜਿੰਦਰਾ ਹਸਪਤਾਲ ਦੇ ਬਾਹਰ ਬਣੀ ਪਰੌਂਠਾ ਮਾਰਕੀਟ ਵਿਖੇ ਦੋ ਗੁਟਾਂ ਵਿਚ ਹੋਈ ਤਕਰਾਰਬਾਜ਼ੀ ਨੂੰ ਲੈ ਕੇ ਝਗੜਾ ਹੋਇਆ, ਜਿਸ ਵਿਚ 4-5 ਵਿਅਕਤੀਆਂ ਦੂਜੇ ਧੜੇ ਦੇ ਦੋ ਨੌਜਵਾਨਾਂ 'ਤੇ ਹਮਲਾ ਕਰ ਦਿਤਾ। ਇਨ੍ਹਾਂ ਕੋਲ ਚਾਕੂ ਅਤੇ ਹੋਰ ਮਾਰੂ ਹਥਿਆਰ ਵੀ ਸਨ, ਜਿਸ ਵਿਚ ਕਰਨਵੀਰ ਅਤੇ ਉਸ ਦਾ ਦੋਸਤ ਗੰਭੀਰ ਹਾਲਤ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਝਗੜਾ ਪਰੌਂਠਿਆਂ ਦੇ ਖਾਣ ਉਪਰੰਤ ਦੁਕਾਨਦਾਰ ਵਲੋਂ ਦੋਸ਼ੀਆਂ ਵਲੋਂ ਪੈਸੇ ਨਾ ਦੇਣ ਦੀ ਸੂਰਤ ਵਿਚ ਹੋਇਆ। ਪਟਿਆਲਾ ਦੇ ਆਜ਼ਾਦ ਸਿੰਘ ਵਾਸੀ ਜੰਗ ਬਹਾਦਰ ਸਿੰਘ ਵਲੋਂ ਸਿਵਲ ਲਾਈਨ ਥਾਣਾ ਵਿਖੇ ਇਸ ਸਬੰਧੀ ਮਾਮਲਾ ਕਰਵਾਇਆ ਗਿਆ। ਸੀਸੀਟੀਵੀ ਕੈਮਰਿਆਂ ਵਿਚ ਸ਼ਰ੍ਹੇਆਮ ਇਹ ਨੌਜਵਾਨ ਝਗੜਾ ਕਰਨ ਸਮੇਂ ਵਾਰ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਮਾਮਲੇ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਉਕਤ ਦੋਸ਼ੀਆਂ ਮਨਪ੍ਰੀਤ ਸਿੰਘ ਵਾਲੀਆ, ਬਿਕਰਮ ਚੀਮਾ, ਤਰੁਨ ਸ਼ਰਮ ਆਦਿ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ ਪਰ ਅਜੇ ਤਕ ਹਮਲਾ ਕਰਨ ਵਾਲਾ ਇਕ ਵੀ ਵਿਅਕਤੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਪਰ ਪੁਲਿਸ ਵਲੋਂ ਦੋਸ਼ੀ ਵਿਅਕਤੀਆਂ ਦੀ ਭਾਲ ਜੰਗੀ ਪੱਧਰ 'ਤੇ ਕੀਤੀ ਜਾ ਰਹੀ ਹੈ।