
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਲੋਕਾਂ ਦੇ ਖ਼ੂਨ ਪਸੀਨੇ ਦੇ ਟੈਕਸ ਦਾ ਪੈਸਾ ਹੈ।
ਬਠਿੰਡਾ: ਇੱਥੋਂ ਦੇ ਦੋ ਦਰਜਨ ਤੋਂ ਵੱਧ ਲੋਕ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ। ਇਸ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਕਾਂਗਰਸ ਪਾਰਟੀ ਆਪਣੇ ਉਮੀਦਵਾਰ ਤੈਅ ਕਰੇਗੀ। ਹਾਲਾਂਕਿ ਉਨ੍ਹਾਂ ਦੱਸਦਿਆਂ ਕਿਹਾ ਕਿ ਉਹ ਸਕਰੀਨਿੰਗ ਕਮੇਟੀ ਦੇ ਮੈਂਬਰ ਨਹੀਂ। ਉਨ੍ਹਾਂ ਕਿਹਾ ਕਿ ਇਹ ਸਾਡੀ ਬਦਕਿਸਮਤੀ ਹੈ ਕਿ ਪੰਜਾਬ ਵਿਚ ਆਖੜੀ ਗੇੜ 'ਚ ਚੋਣਾਂ ਹੋ ਰਹੀਆਂ ਹਨ।
Harsimrat Kaur Badal
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਏਮਜ਼ ਬਾਰੇ ਦਿੱਤੇ ਬਿਆਨ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਦੀ ਵੀ ਇਸ ਪ੍ਰੋਜੈਕਟ ਵਿਚ ਅੜਿੱਕਾ ਨਹੀਂ ਡਾਹਿਆ। ਹਰਸਿਮਰਤ ਪਿਛਲੇ 6 ਮਹੀਨਿਆਂ ਤੋਂ ਲੋਕਾਂ ਵਿਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਖ਼ੂਨ ਪਸੀਨੇ ਦੇ ਟੈਕਸ ਦਾ ਪੈਸਾ ਹੈ। ਹਰਸਿਮਰਤ ਨੇ ਇੱਕ ਵੀ ਪੈਸਾ ਆਪਣੀ ਜੇਬ੍ਹ ਵਿਚੋਂ ਨਹੀਂ ਲਾਇਆ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਦੋ ਸਾਲ ਪਹਿਲਾਂ ਵਿਧਾਨ ਸਭਾ ਵਿਚ ਕੀ ਹੋਇਆ ਸੀ, ਇਹ ਸਭ ਜਾਣਦੇ ਹਨ। ਸੁਖਬੀਰ ਤੇ ਮਜੀਠੀਆ ਦੇ ਕਿਰਦਾਰ ਤੋਂ ਵੀ ਲੋਕ ਭਲੀ-ਭਾਂਤ ਜਾਣਦੇ ਹਨ। ਹੁਣ ਉਹ ਕਿਤਿਓਂ ਵੀ ਚੁਣੌਤੀ ਦੇਣ, ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਰਮਾਤਮਾ ਨੂੰ ਹੰਕਾਰ ਨਾਲ ਨਫ਼ਰਤ ਹੈ। ਹਾਲਾਂਕਿ ਉਨ੍ਹਾਂ ਨੂੰ ਫਿਰੋਜ਼ਪੁਰ ਤੋਂ ਚੋਣ ਮੈਦਾਨ ਵਿਚ ਉਤਾਰਨ ਬਾਰੇ ਕੁਝ ਨਹੀਂ ਦੱਸਿਆ।