
ਅਗਲੇ ਹਫ਼ਤੇ ਮੁੜ ਸ਼ੁਰੂ ਹੋ ਸਕਦੈ ਕਿਸਾਨ ਮੋਰਚੇ ਤੇ ਕੇਂਦਰ ਵਿਚਕਾਰ ਗੱਲਬਾਤ ਦਾ ਸਿਲਸਿਲਾ
ਚੰਡੀਗੜ੍ਹ, 30 ਮਾਰਚ (ਗੁਰਉਪਦੇਸ਼ ਭੁੱਲਰ): 26 ਮਾਰਚ ਦੇ ਕਿਸਾਨਾਂ ਦੇ ਸਫ਼ਲ ਬੰਦ ਅਤੇ ਉਸ ਤੋਂ ਬਾਅਦ ਪੰਜਾਬ ਵਿਚ ਮਲੋਟ ਵਿਖੇ ਭਾਜਪਾ ਵਿਧਾਇਕ ਨੂੰ ਅਲਫ਼ ਨੰਗੇ ਕਰ ਕੇ ਕੀਤੀ ਕੁੱਟਮਾਰ ਦੇ ਘਟਨਾਕ੍ਰਮ ਤੋਂ ਬਾਅਦ ਹੁਣ ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਦਬਾਅ ਵੱਧ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਅਪ੍ਰੈਲ ਮਹੀਨੇ ਦੌਰਾਨ ਅਗਲੇ ਹਫ਼ਤੇ ਇਕ ਵਾਰ ਮੁੜ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਹੈ। ਕਿਸਾਨ ਮੋਰਚੇ ਦੇ ਆਗੂ ਵੀ ਗੱਲਬਾਤ ਵਿਚ ਅਪਣੀ ਖੜੋਤ ਨੂੰ ਤੋੜਨ ਲਈ ਇਕ ਵਾਰ ਮੁੜ ਗੱਲਬਾਤ ਸ਼ੁਰੂ ਕਰਨ ਦੇ ਹੱਕ ਵਿਚ ਹਨ। ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਵੀ ਪਿਛਲੇ ਦਿਨੀਂ ਗੱਲਬਾਤ ਮੁੜ ਸ਼ੁਰੂ ਕਰਨ ਬਾਰੇ ਬਿਆਨ ਦੇ ਕੇ ਸੰਕੇਤ ਦੇ ਚੁੱਕੇ ਹਨ। ਇਹ ਵੀ ਪਤਾ ਲਗਾ ਹੈ ਕਿ ਭਾਜਪਾ ਦੇ ਕੁੱਝ ਸੀਨੀਅਰ ਨੇਤਾ ਕੁੱਝ ਪ੍ਰਮੁੱਖ ਕਿਸਾਨ ਆਗੂਆਂ ਨਾਲ ਸੰਪਰਕ ਵਿਚ ਹਨ।
ਭਾਜਪਾ ਆਗੂ ਕਿਸਾਨ ਆਗੂਆਂ ਨੂੰ ਗੱਲਬਾਤ ਸ਼ੁਰੂ ਕਰਨ ਲਈ ਨਵਾਂ ਪ੍ਰਸਤਾਵ ਦੇਣ ਲਈ ਕਹਿ ਰਹੇ ਹਨ ਜਿਸ ਦੇ ਆਧਾਰ ’ਤੇ ਉਨ੍ਹਾਂ ਨੂੰ ਗੱਲਬਾਤ ਲਈ ਸੱਦਿਆ ਜਾ ਸਕੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ ਹੁਣ ਨਵਾਂ ਪ੍ਰਸਤਾਵ ਤਿਆਰ ਕਰਨ ਲਈ ਵਿਚਾਰ ਵਟਾਂਦਰਾ ਸ਼ੁਰੂ ਕਰ ਦਿਤਾ ਹੈ। ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਵੀ ਅਗਲੀ ਰਣਨੀਤੀ ਨੂੰ ਲੈ ਕੇ ਸ਼ੁਰੂ ਹੋ ਚੁੱਕਾ ਹੈ। ਪਹਿਲੀ ਅਪ੍ਰੈਲ ਤਕ ਮੋਰਚੇ ਵਲੋਂ ਕੇਂਦਰ ਨੂੰ ਦਿਤੇ ਜਾਣ ਵਾਲੇ ਨਵੇਂ ਪ੍ਰਸਤਾਵ ਬਾਰੇ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੋਰਚੇ ਦੇ ਇਕ ਪ੍ਰਮੁੱਖ ਆਗੂ ਗੁਰਨਾਮ ਸਿੰਘ ਚਡੂਨੀ ਵੀ ਕਹਿ ਚੁੱਕੇ ਹਨ ਕਿ ਜੇ ਕੇਂਦਰ ਸਰਕਾਰ ਸਾਰੀਆਂ 23 ਫ਼ਸਲਾਂ ਦੀ ਐਮ.ਐਸ.ਪੀ. ਤੇ ਖ਼ਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਦੇਵੇ ਤਾਂ ਖੇਤੀ ਕਾਨੂੰਨਾਂ ਦਾ ਅੱਧਾ ਮਸਲਾ ਹੱਲ ਹੋ ਜਾਂਦਾ ਹੈ। ਕੇਂਦਰ ਇਹ ਮੰਗ ਮੰਨਣ ਲਈ ਰਾਜ਼ੀ ਹੋਵੇ ਤਾਂ ਕਿਸਾਨ ਆਗੂ ਖੇਤੀ ਕਾਨੂੰਨਾਂ ਬਾਰੇ ਵੀ ਮੁੜ ਚਰਚਾ ਸ਼ੁਰੂ ਕਰ ਸਕਦੇ ਹਨ। ਇਸੇ ਆਧਾਰ ’ਤੇ ਹੀ ਹੁਣ ਕਿਸੇ ਨਵੇਂ ਪ੍ਰਸਤਾਵ ਨੂੰ ਸਾਹਮਣੇ ਰੱਖ ਕੇ ਗੱਲਬਾਤ ਮੁੜ ਸ਼ੁਰੂ ਹੋਣ ਦੀ ਉਮੀਦ ਹੈ।