
ਭਗਵੰਤ ਮਾਨ ਨੇ ਨਿਜੀ ਸਕੂਲਾਂ 'ਚ ਫ਼ੀਸਾਂ ਦੇ ਵਾਧੇ 'ਤੇ ਰੋਕ ਲਾਈ
ਕਿਹਾ, ਇਸ ਸੈਸ਼ਨ 'ਚ ਇਕ ਰੁਪਇਆ ਵੀ ਫ਼ੀਸ ਨਹੀਂ ਵਧਾ ਸਕਣਗੇ ਨਿਜੀ ਸਕੂਲ ਅਤੇ ਅੱਗੇ ਦੀ ਨੀਤੀ ਅਸੀ ਬਣਾਵਾਂਗੇ
ਚੰਡੀਗੜ੍ਹ, 30 ਮਾਰਚ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਜੀ ਸਕੂਲਾਂ ਦੀਆਂ ਫ਼ੀਸਾਂ ਵਿਚ ਵਾਧੇ ਨੂੰ ਕੰਟਰੋਲ ਕਰ ਕੇ ਆਮ ਆਦਮੀ ਦੀ ਪਹੁੰਚ 'ਚ ਲਿਆਉਣ ਲਈ ਅੱਜ ਇਕ ਹੋਰ ਅਹਿਮ ਐਲਾਨ ਕੀਤਾ ਹੈ | ਉਨ੍ਹਾਂ ਵੀਡੀਉ ਕਾਨਫ਼ਰੰਸ ਰਾਹੀਂ ਇਸ ਸੈਸ਼ਨ ਵਿਚ ਨਿਜੀ ਸਕੂਲਾਂ ਵਿਚ ਫ਼ੀਸ ਵਧਾਉਣ ਉਪਰ ਰੋਕ ਲਗਾ ਦਿਤੀ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਨਿਜੀ ਸਕੂਲ ਪ੍ਰਬੰਧਕ ਅੱਜ ਤੋਂ ਬਾਅਦ ਇਕ ਰੁਪਏ ਫ਼ੀਸ ਵੀ ਨਹੀਂ ਵਧਾ ਸਕਣਗੇ | ਫ਼ੀਸਾਂ ਦੀਆਂ ਵਾਜਬ ਦਰਾਂ ਤੈਅ ਕਰਨ ਲਈ ਭਵਿੱਖ ਵਿਚ ਸਰਕਾਰ ਇਕ ਨੀਤੀ ਬਣਾਏਗੀ |
ਉਨ੍ਹਾਂ ਇਸ ਐਲਾਨ ਤੋਂ ਪਹਿਲਾਂ ਕਿਹਾ ਕਿ ''ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਫੈਲੇ ਵਿਦਿਆ ਚਾਨਣ ਹੋਏ ਅਤੇ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ'' ਅਸੀ ਅਕਸਰ ਸਕੂਲਾਂ ਦੀਆਂ ਕੰਧਾਂ ਜਾਂ ਕਿਤਾਬਾਂ ਵਿਚ ਲਿਖਿਆ ਪੜ੍ਹਦੇ ਹਾਂ | ਪਰ ਵਿਦਿਆ ਇੰਨੀ ਮਹਿੰਗੀ ਹੋ ਚੁੱਕੀ ਹੈ ਕਿ ਆਮ ਵਿਅਕਤੀ ਅਪਣਾ ਬੱਚਾ ਨਹੀਂ ਪੜ੍ਹਾ ਸਕਦਾ ਅਤੇ ਉਸ ਨੂੰ ਕੰਮ ਉਪਰ ਲਾ ਦਿੰਦਾ ਹੈ | ਲੋਕ ਬੱਚਿਆਂ ਨੂੰ ਨਿਜੀ ਸਕੂਲਾਂ ਵਿਚ ਮਿਆਰੀ ਸਿਖਿਆ ਦਿਵਾਉਣੀ ਚਾਹੁੰਦੇ ਹਨ ਪਰ ਮਜਬੂਰ ਹਨ ਕਿ ਪੈਸੇ ਦੀ ਕਮੀ ਕਾਰਨ ਬੱਚਿਆਂ ਨੂੰ ਸਕੂਲਾਂ 'ਚ ਹਟਾ ਲੈਂਦੇ ਹਨ | ਇਸ ਲਈ ਨਿਜੀ ਸਕੂਲਾਂ ਦੀਆਂ ਫ਼ੀਸਾਂ ਨੂੰ ਆਮ ਆਦਮੀ ਦੀ ਪਹੁੰਚ ਵਿਚ ਲਿਆਉਣਾ ਜ਼ਰੂਰੀ ਹੈ | ਮੁੱਖ ਮੰਤਰੀ ਨੇ ਦੂਜਾ ਸਿਖਿਆ ਨਾਲ ਸਬੰਘਤ ਹੀ ਇਕ ਹੋਰ ਅਹਿਮ ਐਲਾਨ ਕੀਤਾ ਹੈ ਕਿ ਭਵਿੱਖ ਵਿਚ ਕੋਈ ਵੀ ਨਿਜੀ ਸਕੂਲ ਬੱਚਿਆਂ ਨੂੰ ਅਪਣੀ ਤੈਅ ਦੁਕਾਨ ਤੋਂ ਵਰਦੀ ਅਤੇ ਕਿਤਾਬਾਂ ਖ਼ਰੀਦਣ ਲਈ ਨਹੀਂ ਕਹੇਗਾ | ਬੱਚੇ ਦੇ ਮਾਪਿਆਂ ਨੂੰ ਖੁਲ੍ਹ ਹੋਵੇਗੀ ਕਿ ਉਹ ਕਿਸੇ ਵੀ ਦੁਕਾਨ ਤੋਂ ਖ਼ਰੀਦ ਕਰ ਸਕਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਨਿਜੀ ਸਕੂਲਾਂ ਨੂੰ ਅਪਣੀਆਂ ਵਰਦੀਆਂ ਤੇ ਕਿਤਾਬਾਂ ਸਕੂਲ ਦੇ ਖੇਤਰ ਪੈਂਦੀਆਂ ਦੁਕਾਨਾਂ ਉਪਰ ਉਪਲਬਧ ਕਰਵਾਉਣੀਆਂ ਪੈਣਗੀਆਂ ਤਾਂ ਜੋ ਬੱਚਿਆਂ ਦੇ ਮਾਪੇ ਕਿਸੇ ਵੀ ਦੁਕਾਨ ਤੋਂ ਅਪਣੀ ਸਹੂਲਤ ਮੁਤਾਬਕ ਵਰਦੀ ਤੇ ਕਿਤਾਬਾਂ ਖ਼ਰੀਦ ਸਕਣ |