
ਡੇਰੇ ਦੀ ਉਥਲ-ਪੁਥਲ 'ਚ ਡਾ: ਪੀਆਰ ਨੈਨ ਬਣੇ ਨਵੇਂ ਚੇਅਰਮੈਨ
ਸਿਰਸਾ, 30 ਮਾਰਚ (ਸੁਰਿੰਦਰ ਪਾਲ ਸਿੰਘ): ਵੱਖ-ਵੱਖ ਸੰਗੀਨ ਅਪਰਾਧਾਂ ਹੇਠ ਰੋਹਤਕ ਦੀ ਸੁਨਾਰੀਆ ਜੇਲ ਵਿਚ ਸਜ਼ਾ ਕੱਟ ਰਿਹਾ ਡੇਰਾ ਮੁਖੀ ਸੌਦਾ ਸਾਧ ਬੇਸ਼ੱਕ ਡੇਰੇ ਵਿਚ ਸੱਭ ਠੀਕ ਹੋਣ ਦੀਆਂ ਕਿੰਨੀਆਂ ਵੀ ਦਲੀਲਾਂ ਦੇਵੇ ਪਰ ਸਿਰਸਾ ਡੇਰੇ ਅੰਦਰਲੇ ਸੂਤਰ ਦਸਦੇ ਹਨ ਕਿ ਸੌਦਾ ਸਾਧ ਦੇ ਜੇਲ ਜਾਣ ਤੋਂ ਪਹਿਲਾਂ ਵੀ ਡੇਰੇ ਅੰਦਰ ਗੁੱਟਬਾਜ਼ੀ ਸੀ ਅਤੇ ਹੁਣ ਉਸ ਦੇ ਜੇਲ ਜਾਣ ਮਗਰੋਂ ਉਹ ਹੋਰ ਤੇਜ਼ ਹੋ ਚੁਕੀ ਹੈ | ਉਦਾਹਰਣ ਦੇ ਤੌਰ 'ਤੇ ਹੁਣ ਜਦੋਂ ਸੌਦਾ ਸਾਧ 21 ਦਿਨ ਦੀ ਫ਼ਰਲੋ 'ਤੇ ਬਾਹਰ ਆਇਆ ਤਾਂ ਇਸ ਦੌਰਾਨ ਸੌਦਾ ਸਾਧ ਨੇ ਡੇਰਾ ਪ੍ਰਬੰਧਨ ਅਤੇ ਪ੍ਰਵਾਰ ਨੂੰ ਲੈ ਕੇ ਮਹੱਤਵਪੂਰਣ ਫ਼ੈਸਲੇ ਦੌਰਾਨ ਕਿਹਾ ਕਿ ਹੁਣ ਡੇਰੇ ਦੀ ਅਧਿਕਾਰਕ ਤੌਰ 'ਤੇ ਕਮਾਨ ਚੇਅਰਮੈਨ ਰਹੀ ਬਿਪਾਸਨਾ ਇੰਸਾ ਤੋਂ ਬਦਲਕੇ ਡਾ: ਪੀਆਰ ਨੈਨ ਨੂੰ ਸੌਂਪੀ ਗਈ ਹੈ | ਜਦੋਂ ਕਿ ਚੇਅਰਮੈਨ ਰਹੀ ਬਿਪਾਸਨਾ ਇੰਸਾ ਨੂੰ ਹੁਣ ਬਿਮਾਰੀ ਦੇ ਚਲਦੇ ਬਾਹਰ ਕਰ ਦਿਤਾ ਹੈ | ਉਂਜ ਸੌਦਾ ਸਾਧ ਦੇ ਜੇਲ ਜਾਣ ਦੇ ਬਾਅਦ ਇਸ ਦਾ ਸੰਚਾਲਨ ਡੇਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ |
ਸੂਤਰ ਦਸਦੇ ਹਨ ਕਿ ਸੌਦਾ ਸਾਘ ਨੇ ਵਾਪਸ ਜੇਲ ਜਾਣ ਮਗਰੋਂ 26 ਮਾਰਚ ਨੂੰ ਸੁਨਾਰੀਆ ਜੇਲ ਵਿਚੋਂ ਜੇਲ ਪ੍ਰਸ਼ਾਸਨ ਦੀ ਮੋਹਰ ਨਾਲ ਜੋ ਪੱਤਰ ਲਿਖਿਆ ਉਸ ਪੱਤਰ ਵਿਚ ਲਿਖਿਆ ਗਿਆ ਕਿ ਹੁਣ ਡੇਰੇ ਦੀ ਕਮਾਨ ਡਾ: ਪੀਆਰ ਨੈਨ ਸੰਭਾਲਣਗੇ ਅਤੇ ਸ਼ੋਭਾ ਅਤੇ ਚਰਨਪ੍ਰੀਤ ਸਿੰਘ ਸਹਾਇਤਾ ਕਰਨਗੇ | ਡੇਰੇ ਦੇ ਬੁਲਾਰੇ ਜਤਿੰਦਰ ਖੁਰਾਣਾ ਦਾ ਕਹਿਣਾ ਹੈ ਕਿ ਨਵੇਂ ਫ਼ੈਸਲੇ ਅਨੁਸਾਰ ਸੀਨੀਅਰ ਵਾਇਸ ਚੈਅਰਮੈਨ ਵਜੋਂ ਸ਼ੋਭਾ ਅਤੇ ਡੇਰਾ ਮੁਖੀ ਦੇ ਖ਼ਾਸ ਦੋਸਤ ਚਰਨਪ੍ਰੀਤ ਸਿੰਘ ਨੂੰ ਰਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਹਨੀਪ੍ਰੀਤ ਵੀ ਡੇਰਾ ਪ੍ਰਵਾਰ ਦੀ ਮੈਂਬਰ ਰਹੇਗੀ ਪਰ ਡੇਰੇ ਦੀ ਵਾਗਡੋਰ ਦੀ ਕਮਾਨ ਉਸ ਨੂੰ ਨਹੀਂ ਦਿਤੀ ਗਈ | ਚਰਨਪ੍ਰੀਤ ਸਿੰਘ ਡੇਰੇ ਦਾ ਸਪੋਰਟਸ ਦਾ ਕੰਮ ਪਹਿਲਾਂ ਤੋਂ ਵੇਖਦਾ ਰਿਹਾ ਹੈ | ਉਨ੍ਹਾਂ ਕਿਹਾ ਕਿ ਡੇਰੇ ਦੀ ਪ੍ਰਬੰਧਕ ਕਮੇਟੀ ਵਿਚ ਸਮੇਂ ਸਮੇਂ ਤੇ ਮਹੱਤਵਪੂਰਣ ਬਦਲਾਅ ਹੁੰਦੇ ਰਹਿੰਦੇ ਹਨ ਅਤੇ ਹੁਣ ਡਾ: ਪੀਆਰ ਨੈਨ ਨੂੰ ਚੇਅਰਮੈਨ ਦੀ ਜ਼ੁੰਮੇਵਾਰੀ ਦਿਤੀ ਗਈ ਹੈ |
ਤਸਵੀਰ- ਜੇਲ 'ਚ ਬੈਠਾ ਸੌਦਾ ਸਾਧ