
ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਰਾਘਵ ਚੱਢਾ ਦੀ ਮੌਜੂਦਗੀ 'ਚ ਕੀਤੀ ਭਗਵੰਤ ਮਾਨ ਨਾਲ ਮੁਲਾਕਾਤ
ਪੰਜਾਬ 'ਚ ਆਇਆ ਬਦਲਾਅ ਸੂਬੇ ਦੀ ਬੇਹਤਰੀ ਲਈ ਵਧੀਆ ਹੈ : ਹਰਨਾਜ਼
ਚੰਡੀਗੜ੍ਹ, 30 ਮਾਰਚ (ਭੁੱਲਰ) : ਮਿਸ ਯੂਨੀਵਰਸ 2021 ਦਾ ਖ਼ਿਤਾਬ ਜਿੱਤਣ ਵਾਲੀ ਹਰਨਾਜ਼ ਕੌਰ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ | ਇਸ ਮੌਕੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਸਣੇ ਹੋਰ ਲੋਕ ਵੀ ਮੌਜੂਦ ਰਹੇ | ਹਰਨਾਜ਼ ਦੇ ਮਾਤਾ ਪਿਤਾ ਵੀ ਉਸ ਨਾਲ ਸਨ |
ਮੁੱਖ ਮੰਤਰੀ ਨਾਲ ਮੁਲਾਕਾਤ ਮਗਰੋਂ ਹਰਨਾਜ਼ ਸੰਧੂ ਨੇ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਿਆ | ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਪੰਜਾਬ ਦੇ ਯੂਥ ਲਈ ਕੁੱਝ ਚੰਗਾ ਕਰਨ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ | ਪੰਜਾਬ ਦੀਆਂ ਧੀਆਂ ਨੂੰ ਸੁਨੇਹਾ ਦਿੰਦਿਆਂ ਹਰਨਾਜ਼ ਕੌਰ ਸੰਧੂ ਨੇ ਕਿਹਾ ਕਿ ਉਹ ਅਪਣੇ ਆਤਮ ਵਿਸ਼ਵਾਸ ਨਾਲ ਅੱਗੇ ਵਧਣ ਤੇ ਜੇਕਰ ਤੁਸੀਂ ਕਿਸੇ ਨਿਸ਼ਾਨੇ ਨੂੰ ਲੈ ਕੇ ਅੱਗੇ ਚਲਦੇ ਹੋ ਤਾਂ ਨਿਸ਼ਚੇ ਹੀ ਉਸ ਵਿਚ ਸਫ਼ਲਤਾ ਮਿਲਦੀ ਹੈ ਜੇਕਰ ਤੁਹਾਡੇ ਵਿਚ ਆਤਮਵਿਸ਼ਵਾਸ ਹੈ |
ਮੀਡੀਆ ਨਾਲ ਗੱਲਬਾਤ ਦੌਰਾਨ ਮਿਸ ਯੂਨੀਵਰਸ 2021 ਨੇ ਇਹ ਵੀ ਕਿਹਾ ਕਿ ਜਦੋਂ ਉਨ੍ਹਾਂ ਦੇ ਨਾਮ ਨਾਲ ਮਿਸ ਇੰਡੀਆ ਲਗਿਆ ਤਾਂ ਭਾਰਤ ਦੇ ਨਾਂ ਨੂੰ ਦੁਨੀਆਂ ਵਿਚ ਚਮਕਾਉਣਾ ਉਨ੍ਹਾਂ ਲਈ ਸੱਭ ਤੋਂ ਵੱਡੀ ਚੁਣੌਤੀ ਸੀ, ਜਿਸ ਨੂੰ ਉਨ੍ਹਾਂ ਨੇ ਆਤਮ ਵਿਸ਼ਵਾਸ ਨਾਲ ਪੂਰਾ ਹੀ ਨਹੀਂ ਕੀਤਾ ਬਲਕਿ ਭਾਰਤ ਲਈ ਉਹ ਤਾਜ ਲਿਆਂਦਾ ਜਿਸ ਦਾ 21 ਸਾਲਾਂ ਤੋਂ ਦੇਸ਼ ਇੰਤਜ਼ਾਰ ਕਰ ਰਿਹਾ ਸੀ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਾ ਵਿਜ਼ਨ ਮੈਨੂੰ ਚੰਗਾ ਲਗਿਆ ਹੈ ਅਤੇ ਮੈਂ ਅਪਣੇ ਪੱਧਰ 'ਤੇ ਹੀ ਪੰਜਾਬ ਦੀ ਬੇਹਤਰੀ ਲਈ ਕੁੱਝ ਕਰਨਾ ਚਾਹੁੰਦੀ ਹਾਂ | ਉਨ੍ਹਾਂ ਕਿਹਾ ਕਿ ਪੰਜਾਬ 'ਚ ਜੋ ਬਦਲਾਅ ਆਇਆ, ਉਹ ਸੂਬ ਦੀ ਬੇਹਤਰੀ ਲਈ ਵਧੀਆ ਹੈ | ਹਰਨਾਜ਼ ਨੇ ਕਿਹਾ,''ਮੈਂ ਭਗਵੰਤ ਮਾਨ ਦੀ ਖ਼ੁਦ ਵੀ ਫੈਨ ਹਾਂ | ਨਸ਼ਿਆਂ ਤੇ ਮਹਿਲਾ ਸ਼ਕਤੀਕਰਨ ਦੇ ਮੁੱਦਿਆਂ 'ਤੇ ਕੰਮ ਕਰ ਸਕਦੀ ਹਾਂ |''