
'ਜੇ PM ਮੋਦੀ ਨਹੀਂ ਮੰਨਦੇ ਤਾਂ ਉਹਨਾਂ ਦੇ ਘਰ ਦੇ ਬਾਹਰ ਧਰਨਾ ਲਵਾਂਗੇ'
ਜਲੰਧਰ: ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਦੇ ਮਸਲੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੇਰੀ ਭਗਵੰਤ ਮਾਨ ਨੂੰ ਮੁੜ ਬੇਨਤੀ ਹੈ ਕਿ ਪੰਜਾਬ ਕੋਲੋਂ ਚੰਡੀਗੜ੍ਹ ਖੋਹਣ ਵਾਲੇ ਭਾਜਪਾ ਦੇ ਫ਼ੈਸਲੇ ਵਿਰੁੱਧ ਆਵਾਜ਼ ਚੁੱਕਣ। ਸਰਬ ਪਾਰਟੀ ਮੀਟਿੰਗ ਬੁਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਜਾਵੇ ਜਾਂ ਜ਼ਮੀਨੀ ਪੱਧਰ ’ਤੇ ਇਸ ਦਾ ਵਿਰੋਧ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਤੱਕ ਪਹੁੰਚ ਕੇ ਇਸ ਅਹਿਮ ਮਸਲੇ ਦਾ ਹੱਲ ਕੀਤਾ ਜਾਵੇ।
Sukhpal Singh Khaira
ਭਗੰਵਤ ਮਾਨ ਨੂੰ ਅਪੀਲ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ’ਚ ਜਿੰਨੇ ਵੀ ਮੁਕੰਮਲ ਕਰਮਚਾਰੀ ਹਨ, ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿੱਧਾ-ਸਿੱਧਾ ਮਤਲਬ ਇਹ ਹੈ ਕਿ ਹੁਣ ਤੋਂ ਬਾਅਦ ਕੇਂਦਰ ਸਰਕਾਰ ਆਪਣੀ ਮਰਜ਼ੀ ਨਾਲ ਭਾਵੇਂ ਮੱਧ ਪ੍ਰਦੇਸ਼, ਭਾਵੇਂ ਰਾਜਸਥਾਨ ਭਾਵੇਂ ਯੂ. ਪੀ. ਵਿਚੋਂ ਕਿਸੇ ਨੂੰ ਵੀ ਚੱਕ ਕੇ ਲਿਜਾ ਸਕਦੀ ਹੈ।
Sukhpal Singh Khaira
ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਕੇਂਦਰ ਸਰਕਾਰ ਨੇ ਇਕ ਹਮਲਾ ਤਾਂ ਸਾਡੇ ’ਤੇ ਕਰ ਦਿੱਤਾ ਹੈ ਅਤੇ ਜੇਕਰ ਅਸੀਂ ਆਉਣ ਵਾਲੇ ਸਮੇਂ ’ਚ ਇਹ ਹਮਲਾ ਸਹਿ ਜਾਂਦੇ ਹਾਂ ਤਾਂ ਪਤਾ ਨਹੀਂ ਹੋਰ ਕਿੰਨੇ ਹਮਲੇ ਕਰੇਗੀ। ਉਨ੍ਹਾਂ ਕਿਹਾ ਕਿ ਇਸ ਦੇ ਪਹਿਲਾਂ ਵੀ ਕੇਂਦਰ ਵੱਲੋਂ ਬੀ. ਬੀ. ਐੱਮ. ਬੀ. ਦਾ ਅਧਿਕਾਰ ਖੋਹਣ ਦੇ ਨਾਲ-ਨਾਲ ਬੀ. ਐੱਸ. ਐੱਫ. ਦਾ ਦਾਇਰਾ ਬਾਰਡਰ ਤੋਂ ਲੈ ਕੇ ਅੰਦਰ ਤੱਕ 50 ਕਿਲੋਮੀਟਰ ਵਧਾ ਦਿੱਤਾ ਗਿਆ ਹੈ।
Sukhpal Singh Khaira
ਉਨ੍ਹਾਂ ਕਿਹਾ ਕਿ ਮੇਰੀ ਮਾਨ ਸਰਕਾਰ ਨੂੰ ਅਪੀਲ ਹੈ ਕਿ ਉਹ ਇਸ ਮਸਲੇ ਦਾ ਹੱਲ ਕੱਢਣ। ਉਨ੍ਹਾਂ ਕਿਹਾ ਕਿ ਇਹ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੀ ਬਣਦੀ ਹੈ ਕਿ ਇਸ ਮਸਲੇ ਨੂੰ ਕਿਵੇਂ ਹੱਲ ਕਰਨਾ ਹੈ। ਮੇਰੀ ਅਪੀਲ ਹੈ ਕਿ ਇਸ ਮਸਲੇ ਨੂੰ ਇੰਝ ਹੀ ਨਾ ਜਾਣ ਦਿੱਤਾ ਜਾਵੇ। ਜੇ ਇੰਝ ਹੀ ਇਹ ਮਸਲਾ ਜਾਣ ਦਿੱਤਾ ਤਾਂ ਕੇਂਦਰ ਸਰਕਾਰ ਹੋਰ ਵੀ ਕਈ ਸਮਲਿਆਂ ’ਤੇ ਪੰਜਾਬ ਦੇ ਅਧਿਕਾਰ ਖੋਵੇਗੀ। ‘ਆਪ’ ਦੇ ਕੋਲ ਇਕ ਸੁਨਹਿਰੀ ਮੌਕਾ ਹੈ ਕਿ ਉਹ ਇਸ ਮਸਲੇ ’ਤੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਆਪਣਾ ਵਫ਼ਦ ਲੈ ਕੇ ਜਾਣ।
Sukhpal Singh Khaira
ਜੇਕਰ ਉਹ ਇਕੱਲੀ ਆਪਣੀ ਪਾਰਟੀ ਨੂੰ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਜੇਕਰ ਆਲ ਪਾਰਟੀ ਮੀਟਿੰਗ ਸੱਦ ਕੇ ਸਾਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਅਸੀਂ ਨਾਲ ਜਾਣ ਲਈ ਵੀ ਤਿਆਰ ਹਾਂ। ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਮੰਨਦੇ ਤਾਂ ਫਿਰ ਸਾਨੂੰ ਉਨ੍ਹਾਂ ਦੇ ਘਰ ਦੇ ਮੂਹਰੇ ਧਰਨਾ ਦੇਣਾ ਚਾਹੀਦਾ ਹੈ ਤਾਂ ਜੋ ਨੈਸ਼ਨਲ ਮੀਡੀਆ ਆਵੇ ਤੇ ਪਤਾ ਲੱਗੇ ਕਿ ਕਿਵੇਂ ਕੇਂਦਰ ਸਰਕਾਰ ਨੇ ਪੰਜਾਬ ਨਾਲ ਭਾਰੀ ਵਿਤਕਰੇ ਦਾ ਕਦਮ ਚੁੱਕਿਆ ਹੈ। ਜੇ ਫਿਰ ਵੀ ਨਹੀਂ ਮੰਨਦੇ ਤਾਂ ਇਕ ਲਹਿਰ ਚਲਾਵਾਂਗੇ ਜਿਵੇਂ ਕਿਸਾਨੀ ਲਹਿਰ ਚਲਾਈ ਸੀ।
Sukhpal Singh Khaira
ਕਿਸਾਨੀ ਖਿਲਾਫ਼ ਵੀ ਤਿੰਨ ਕਾਲੇ ਕਾਨੂੰਨ ਬਣਾਏ ਸੀ।ਜਿਸ ਦਾ ਵਿਰੋਧ ਕੀਤਾ ਗਿਆ। ਇਹ ਵੀ ਸਾਡੀ ਮਰਜ਼ੀ ਪੁੱਛੇ ਬਗੈਰ ਕਾਨੂੰਨ ਬਣਾ ਦਿੱਤਾ। ਰਾਜ ਸਭਾ ਮੈਂਬਰਾਂ ਬਾਰੇ ਬੋਲਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਰਾਜ ਸਭਾ ਦੇ ਪੰਜਾਬ ਤੋਂ ਉਮੀਦਵਾਰ ਬਣਾਓ ਜੋ ਪੰਜਾਬ ਦੀ ਗੱਲ ਕਰ ਸਕਣ। ਹੁਣ ਜਿਹੜੇ ਦਿੱਲੀ ਤੋਂ ਰਾਜ ਸਭਾ ਦੇ ਮੈਂਬਰ ਬਣਾਏ ਹਨ ਉਹ ਪੰਜਾਬ ਦੀ ਗੱਲ ਕਦੇ ਵੀ ਨਹੀਂ ਕਰਨਗੇ। ਖਹਿਰਾ ਨੇ ਕਾਂਗਰਸੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਾਂ 18 ਵਿਧਾਇਕ ਇਕੱਠੇ ਹੋਈਏ ਤੇ ਇਸ ਮੁੱਦੇ ਨੂੰ ਉਠਾਈਏ।