
ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖ਼ਰ-ਏ-ਕੌਮ ਪੁਰਸਕਾਰ ਵਾਪਸ ਲਿਆ ਜਾਵੇ : ਕਾਹਨੇਕੇ, ਸ਼ਾਹਪੁਰ
ਕਿਹਾ, ‘ਜਥੇਦਾਰ ਸਾਹਿਬ’ ਬਾਦਲ ਪ੍ਰਵਾਰ ਤੇ ਜੀ ਹਜ਼ੂਰੀ ਲੀਡਰਸ਼ਿਪ ਦੀ ਢਾਲ ਨਾ ਬਣੋ, ਜੇ ਕੁੱਝ ਨਹੀਂ ਕਰ ਸਕਦੇ ਤਾਂ ਪੰਥ ਦੀ ਸਿਰਮੌੌਰ ਗੱਦੀ ਛੱਡੋ
ਅੰਮ੍ਰਿਤਸਰ, 30 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਵਿਰੋਧੀ ਧਿਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਉੱਚ ਪਧਰੀ ਵਫ਼ਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਆ, ਜਿਨ੍ਹਾਂ ‘ਜਥੇਦਾਰ’ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਦੌਰਾਨ ਅਕਾਲੀ ਦਲ ਬਾਦਲ ਨੂੰ ਮਿਲੀ ਬੁਰੀ ਹਾਰ ਤੋਂ ਬਾਅਦ ਤੁਹਾਡੇ ਵਲੋਂ ਬਿਆਨ ਆਇਆ ਸੀ ਕਿ ਅਕਾਲੀ ਦਲ ਦਾ ਖ਼ਤਮ ਹੋਣਾ ਸਿੱਖ ਕੌਮ ਲਈ ਘਾਤਕ ਹੈ ਅਤੇ ਅਕਾਲੀ ਦਲ ਨੂੰ ਬਚਾਉਣ ਲਈ ਸਾਰੇ ਅਕਾਲੀ ਧੜੇ ਅਕਾਲ ਤਖ਼ਤ ਸਾਹਿਬ ’ਤੇ ਇਕੱਤਰ ਹੋਣ।
‘ਜਥੇਦਾਰ ਸਾਹਿਬ’ ਇਸ ਗੱਲ ਨਾਲ ਤਾਂ ਹਰ ਸਿੱਖ ਪੂਰਾ ਇਤਫਾਕ ਰਖਦਾ ਹੈ ਕਿ ਪੰਜਾਬ ਵਿਚ ਸਿੱਖਾਂ ਦੇ ਹਿਤਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤ ਹੋਂਦ ਬਹੁਤ ਜ਼ਰੂਰੀ ਹੈ ਪਰ ਜਦੋਂ ਗੱਲ ਅਕਾਲੀ ਦਲ ਨੂੰ ਬਚਾਉਣ ਦੀ ਕਰਨੀ ਹੋਵੇ ਤਾਂ ‘ਜਥੇਦਾਰ’ ਅਕਾਲੀ ਦਲ ਨੂੰ ਖ਼ਤਮ ਕਰਨ ਲਈ ਜ਼ਿੰਮੇਵਾਰ ਆਗੂਆਂ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਨਜ਼ਰਅੰਦਾਜ਼ ਕਰ ਕੇ ਇਹੋ ਜਿਹੇ ਬਿਆਨ ਦੇਣੇ ਕਿ ਜਿਸ ਤੋਂ ਇਹ ਜਾਪਦਾ ਹੋਵੇ ਕਿ ਉਹ ਸਿਰਫ਼ ਇਕ ਪ੍ਰਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਇਹ ਨਿੰਦਣਯੋਗ ਹੈ। ‘ਜਥੇਦਾਰ’ ਵਲੋਂ ਅਕਾਲੀ ਦਲ ਦੀ ਹਾਰ ਦੀ ਜ਼ਿੰਮੇਵਾਰ ਬਾਦਲ ਐਂਡ ਪ੍ਰਵਾਰ ਤੇ ਉਨ੍ਹਾਂ ਦੀ ਜੀ ਹਜ਼ੂਰੀ ਕਰਨ ਵਾਲੀ ਲੀਡਰਸ਼ਿਪ ਨੂੰ ਕਟਹਿਰੇ ਵਿਚ ਖੜਾ ਕਰਨ ਦੀ ਬਜਾਇ ਸਿੱਖਾਂ ਨੂੰ ‘ਬਦਤਮੀਜ਼’ ਕਹਿਣਾ ਵੀ ਉਨ੍ਹਾਂ ਦੀ ਪਦਵੀ ਮੁਤਾਬਕ ਸ਼ੋਭਾ ਨਹੀਂ ਦਿੰਦਾ। ‘ਜਥੇਦਾਰ’ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਸਿੱਖਾਂ ਦੀ ਨੁਮਾਇੰਦਾ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਪਤਨ ਕਰਨ ਲਈ ਜ਼ੁੰਮੇਵਾਰ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਖਹਿੜਾ ਛੱਡਣ ਲਈ ਕਹਿੰਦੇ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿਤਾ ਗਿਆ ‘ਫ਼ਖ਼ਰ-ਏ-ਕੌਮ’ ਦਾ ਖ਼ਿਤਾਬ ਵਾਪਸ ਲੈਂਦੇ। ਜੇਕਰ ਤੁਸੀਂ ਬਾਦਲ ਪ੍ਰਵਾਰ ਦੀ ਸਮੁੱਚੀ ਲੀਡਰਸ਼ਿਪ ਨੂੰ ਰੱਦ ਕਰਨ ਵਾਲੇ ਸਿੱਖਾਂ ਨੂੰ ‘ਬਦਤਮੀਜ਼’ ਕਹਿਣ ਦੀ ਬਜਾਇ ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਨਾਲ ਕੀਤੇ ਵਿਸਾਹਘਾਤ ਦੇ ਲੰਬੇ ਇਤਿਹਾਸ ਤੇ ਵੀ ਨਜਰਸਾਨੀ ਕਰਦੇ ਅਤੇ ਪੰਥ ਦੇ ਸਾਹਮਣੇ ਇਨ੍ਹਾਂ ਦਾ ਸੱਚ ਸਾਹਮਣੇ ਲਿਆਂਉਦੇ ।
‘ਜਥੇਦਾਰ’ ਹੋਣ ਨਾਤੇ ਅਸੀ ਤੁਹਾਡੇ ਕੋਲੋਂ ਇਹ ਆਸ ਵੀ ਰਖਦੇ ਹਾਂ ਕਿ ਜੇਕਰ ਤੁਸੀਂ ਸੱਚਮੱੁਚ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼]੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਨਾ ਚਾਹੁੰਦੇ ਹੋ ਤਾਂ ਸੱਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਦਿਤਾ ਗਿਆ ਫ਼ਖ਼ਰ-ਏ-ਕੌਮ ਦਾ ਖ਼ਿਤਾਬ ਤੁਰਤ ਵਾਪਸ ਲਵੋ ਤੇ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਫਿਰ ਤੁਹਾਨੂੰ ਸਿੱਖ ਪੰਥ ਦੀ ਸਿਰਮੌਰ ਪਦਵੀ ਨੂੰ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਪਾਵਨ ਤੇ ਸਰਵਉੱਚ ਅਹੁਦੇ ਤੇ ਕੋਈ ਯੋਗ ਤੇ ਜਰਨੈਲ ਸ਼ਖ਼ਸੀਅਤ ਬੈਠ ਸਕੇ, ਜੋ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਰਖਦੀ ਹੋਵੇ। ਮਿੱਠੂ ਸਿੰਘ ਕਾਹਨੇਕੇ ਨੇ ਮੰਗ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਤੋਂ ਸਿੱਧਾ ਗੁਰਬਾਣੀ ਪ੍ਰਸਾਰਨ ਕਰਨ ਵਾਲੇ ਪੀਟੀ ਪੰਜਾਬੀ ਚੈਨਲ ਨੂੰ ਬਲੈਕ ਲਿਸਟ ਕਰਨ ਦੇ ਆਦੇਸ਼ ਐਸ ਜੀ ਪੀ ਸੀ ਨੂੰ ਜਾਰੀ ਕੀਤੇ ਜਾਣ ਜਿਸ ਵਿਰੁਧ ਥਾਣਾ ਮੁਹਾਲੀ ਦੀ ਪੁਲਿਸ ਨੇ ਸੰਗਨ ਅਪਰਾਧਾਂ ਤਹਿਤ ਪਰਚਾ ਦਰਜ ਕੀਤਾ ਹੈ। ਇਸ ਚੈਨਲ ’ਤੇ ਦੋਸ਼ ਹਨ ਕਿ ਮਿਸ ਪੰਜਾਬਣ ਮੁਕਾਬਲਿਆਂ ਵਿਚ ਲੜਕੀਆਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਵਫ਼ਦ ਵਿਚ ਅਮਰੀਕ ਸਿੰਘ ਸ਼ਾਹਪੁਰ, ਮਲਕੀਅਤ ਸਿੰਘ ਚੰਗਾਲ, ਹਰਦੀਪ ਸਿੰਘ ਰਾਵਲਾ, ਬੀਬੀ ਸਰਬਜੀਤ ਕੌਰ ਧੂਰੀ, ਬੀਬੀ ਜਸਪਾਲ ਕੌਰ ਮਹਿਰਾਜ, ਨਿਰਵੈਲ ਸਿੰਘ, ਹਰਪ੍ਰੀਤ ਸਿੰਘ ਗਰਚਾ ਆਦਿ ਸ਼ਾਮਲ ਸਨ।