
60 ਲੱਖ ਰੁਪਏ ਵਿਚ ਪਲਾਟ ਖਰੀਦ ਕੇ ਸਾਜਸ਼ ਤਹਿਤ ਉਸੇ ਦਿਨ ਸਿਰਫ਼ 25 ਲੱਖ ਰੁਪਏ ਵਿਚ ਵੇਚਣ ਦੇ ਦੋਸ਼
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁਧ ਵਿੱਢੀ ਮੁਹਿੰਮ ਦੌਰਾਨ ਸਾਬਕਾ ਜੰਗਲਾਤ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ 60 ਲੱਖ ਰੁਪਏ ਵਿਚ ਪਲਾਟ ਖਰੀਦ ਕੇ ਸਾਜਸ਼ ਤਹਿਤ ਉਸੇ ਦਿਨ ਸਿਰਫ਼ 25 ਲੱਖ ਰੁਪਏ ਵਿਚ ਵੇਚਣ ਦੇ ਦੋਸ਼ ਹੇਠ ਉਕਤ ਹਰਪ੍ਰੀਤ ਸਿੰਘ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ ਨੂੰ ਪਹਿਲਾਂ ਤੋਂ ਹੀ ਦਰਜ ਭ੍ਰਿਸ਼ਟਾਚਾਰ ਦੇ ਇਕ ਮੁਕੱਦਮੇ ਵਿਚ ਬਤੌਰ ਦੋਸ਼ੀ ਨਾਮਜ਼ਦ ਕੀਤਾ ਹੈ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਦਾ ਬਜਟ : 1134 ਸੌ ਕਰੋੜ ਵਿਚੋਂ ਅਪਣੇ ਚੈਨਲ ਲਈ ਧੇਲਾ ਨਹੀਂ
ਇਸ ਕੇਸ ਵਿਚ ਵਿਜੀਲੈਂਸ ਬਿਊਰੋ ਵਲੋਂ ਦੋ ਮੁਲਜ਼ਮ ਰਾਜੇਸ਼ ਕੁਮਾਰ ਚੋਪੜਾ ਅਤੇ ਰਾਜ ਕੁਮਾਰ ਨਾਗਪਾਲ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਮੋਹਾਲੀ ਦੀ ਅਦਾਲਤ ਵਿਖੇ ਪੇਸ਼ ਕਰ ਕੇ 6 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਮੁਕੱਦਮੇ ਦੀ ਹੋਰ ਪੜਤਾਲ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਉਰੋ ਦੇ ਇਕ ਬੁਲਾਰੇ ਨੇ ਦਸਿਆ ਕਿ ਬਿਊਰੋ ਵਲੋਂ ਪਹਿਲਾਂ ਹੀ ਮੁਕੱਦਮਾ ਨੰਬਰ 06 ਮਿਤੀ 06-02-2023 ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13(1), 13(2) ਤਹਿਤ ਵਿਜੀਲੈਂਸ ਬਿਉਰੋ ਉਡਣ ਦਸਤਾ, ਪੰਜਾਬ, ਮੋਹਾਲੀ ਦੇ ਥਾਣੇ ਵਿਚ ਦਰਜ ਹੈ।
ਇਸ ਕੇਸ ਦੀ ਤਫ਼ਤੀਸ਼ ਤੋਂ ਪਾਇਆ ਗਿਆ ਕਿ ਮੁਲਜ਼ਮ ਰਾਜ ਕੁਮਾਰ ਨਾਗਪਾਲ, ਵਾਸੀ ਸੈਕਟਰ 8, ਪੰਚਕੂਲਾ, ਹਰਿਆਣਾ ਵਲੋਂ ਪਲਾਟ ਨੰਬਰ 2023, ਸੈਕਟਰ-88 ਮੋਹਾਲੀ ਦੀ ਐਲ.ਓ.ਆਈ. ਗੁਰਮਿੰਦਰ ਸਿੰਘ ਗਿੱਲ, ਵਾਸੀ ਕੋਠੀ ਨੰਬਰ 1677, ਫੇਸ-3ਬੀ-2 ਮੋਹਾਲੀ ਪਾਸੋਂ ਮਿਤੀ 27.11.2018 ਨੂੰ ਇਕ ਅਸ਼ਟਾਮ (ਨੰਬਰ ਏਈ773271) ਰਾਹੀਂ 60 ਲੱਖ ਰੁਪਏ ਵਿੱਚ ਖਰੀਦੀ ਗਈ ਜਦਕਿ ਉਸੇ ਦਿਨ ਉਸੇ ਅਸ਼ਟਾਮ ਦੀ ਲੜੀ ਵਿਚ ਇਕ ਹੋਰ ਅਸ਼ਟਾਮ (ਨੰਬਰ ਏਈ773272) ਖਰੀਦ ਕਰ ਕੇ, ਮੁਲਜ਼ਮ ਰਾਜ ਕੁਮਾਰ ਵਲੋਂ ਇਹੀ ਪਲਾਟ ਅੱਗੇ ਦੋਸ਼ੀ ਸਾਧੂ ਸਿੰਘ ਧਰਮਸੋਤ, ਸਾਬਕਾ ਜੰਗਲਾਤ ਮੰਤਰੀ ਪੰਜਾਬ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਕਰੀਬ 35 ਲੱਖ ਰੁਪਏ ਵਿਚ ਘਟਾ ਕੇ ਸਿਰਫ਼ 25 ਲੱਖ ਰੁਪਏ ਵਿਚ ਸਾਜਸ਼ ਤਹਿਤ ਵੇਚ ਦਿਤਾ ਗਿਆ। ਇਸ ਪਲਾਟ ਦੀ ਖਰੀਦ ਤੇ ਵਿਕਰੀ ਸਮੇਂ ਮੁਲਜ਼ਮ ਰਾਜੇਸ਼ ਕੁਮਾਰ ਚੋਪੜਾ, ਵਾਸੀ ਸੈਕਟਰ 82 ਜੇ.ਐਲ.ਪੀ.ਐਲ., ਮੁਹਾਲੀ ਵਲੋਂ ਬਤੌਰ ਗਵਾਹ ਦਸਤਖ਼ਤ ਕੀਤੇ ਗਏ।
ਇਹ ਵੀ ਪੜ੍ਹੋ: ਗਲੇ ਦੀ ਖ਼ਰਾਸ਼ ਸਣੇ ਕਈ ਸਮੱਸਿਆਵਾਂ ਤੋਂ ਨਿਜਾਤ ਦਿਵਾਉਂਦੀ ਹੈ ਮਿਸ਼ਰੀ
ਉਨ੍ਹਾਂ ਦਸਿਆ ਕਿ ਪੜਤਾਲ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਸ 60 ਲੱਖ ਰੁਪਏ ਦੀ ਰਕਮ ਵਿਚੋਂ ਉਕਤ ਮੁਲਜ਼ਮ ਰਾਜ ਕੁਮਾਰ ਦੇ ਖਾਤੇ ਵਿਚ ਪਹਿਲਾਂ ਹੀ ਅਨਮੋਲ ਅੰਪਾਇਰ ਪ੍ਰਾਈਵੇਟ ਲਿਮਟਿਡ ਦੇ ਪ੍ਰੋਪਰਾਈਟਰ ਮੁਲਜ਼ਮ ਰਾਜੇਸ਼ ਕੁਮਾਰ ਚੋਪੜਾ ਵਲੋਂ 22,50,000 ਰੁਪਏ, ਹਰਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਧਰਮਸੋਤ ਵਲੋਂ 25,00,000 ਰੁਪਏ ਅਤੇ ਬਾਕੀਆਂ ਵੱਲੋਂ 12,10,000 ਰੁਪਏ ਜਮ੍ਹਾ ਕਰਵਾ ਦਿਤੇ ਗਏ। ਰਾਜ ਕੁਮਾਰ ਤੋਂ ਇਹ ਐਲ.ਓ.ਆਈ. ਅੱਗੇ ਹਰਪ੍ਰੀਤ ਸਿੰਘ ਨੂੰ ਦਿਵਾਉਣ ਵਿਚ ਰਾਜ ਕੁਮਾਰ ਸਰਪੰਚ, ਪ੍ਰਾਪਰਟੀ ਡੀਲਰ, ਜੁਝਾਰ ਨਗਰ ਮੋਹਾਲੀ ਅਤੇ ਵਾਸੀ ਫ਼ੇਜ਼-6, ਮੋਹਾਲੀ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।
ਬੁਲਾਰੇ ਨੇ ਦਸਿਆ ਕਿ ਗਮਾਡਾ ਦੇ ਰੀਕਾਰਡ ਮੁਤਾਬਕ ਵਿਕਰੀਕਰਤਾ ਗੁਰਮਿੰਦਰ ਸਿੰਘ ਗਿੱਲ ਦੇ ਨਾਮ ਤੋਂ ਰਾਜ ਕੁਮਾਰ ਦੇ ਨਾਮ ਪਰ ਐਲ.ਓ.ਆਈ. ਤਬਦੀਲ ਹੋਣ ਸਬੰਧੀ ਕੋਈ ਰਿਕਾਰਡ ਮੌਜੂਦ ਨਹੀਂ ਹੈ ਅਤੇ ਸਿੱਧਾ ਗੁਰਮਿੰਦਰ ਸਿੰਘ ਗਿੱਲ ਦੇ ਨਾਮ ਤੋਂ ਉਕਤ ਹਰਪ੍ਰੀਤ ਸਿੰਘ ਦੇ ਨਾਮ ਪਰ ਪਲਾਟ ਤਬਦੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਭਾਜਪਾ ਆਗੂ ਤਜਿੰਦਰਪਾਲ ਬੱਗਾ ਦੇ ‘ਵਾਹਿਗੁਰੂ’ ਬਾਰੇ ਟਵੀਟ ਨਾਲ ਖੜਾ ਹੋਇਆ ਵਿਵਾਦ
ਉਨ੍ਹਾਂ ਦਸਿਆ ਕਿ ਇਸ ਤਰ੍ਹਾਂ ਰਾਜ ਕੁਮਾਰ ਨਾਗਪਾਲ, ਰਾਜੇਸ਼ ਕੁਮਾਰ ਚੋਪੜਾ ਪ੍ਰਾਪਰਟੀ ਡੀਲਰ, ਰਾਜ ਕੁਮਾਰ ਸਰਪੰਚ ਪ੍ਰਾਪਰਟੀ ਡੀਲਰ ਅਤੇ ਹਰਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਵਲੋਂ ਮਿਲੀਭੁਗਤ ਤਹਿਤ ਵੱਖ-ਵੱਖ ਐਂਟਰੀਆਂ ਰਾਹੀਂ ਰਾਜ ਕੁਮਾਰ ਨੂੰ ਇਹ ਐਲ.ਓ.ਆਈ. ਫ਼ਰਜ਼ੀ ਤੌਰ ’ਤੇ ਖਰੀਦ ਤੇ ਵਿਕਰੀ ਕਰਨੀ ਵਿਖਾਈ ਗਈ ਹੈ ਅਤੇ ਦੋਸ਼ੀ ਸਾਧੂ ਸਿੰਘ ਧਰਮਸੋਤ ਦੇ ਲੜਕੇ ਲਈ ਕਰੀਬ 60 ਲੱਖ ਰੁਪਏ ਦੇ ਪਲਾਟ ਨੂੰ 25 ਲੱਖ ਰੁਪਏ ਵਿੱਚ ਖਰੀਦ ਕਰਨ ਲਈ ਵਿਖਾਉਣ ਵਿਚ ਮਦਦ ਕੀਤੀ ਗਈ ਹੈ। ਇਸ ਲਈ ਮੌਜੂਦਾ ਮੁਕੱਦਮੇ ਵਿਚ ਆਈ.ਪੀ.ਸੀ. ਦੀ ਧਾਰਾ 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 12 ਦਾ ਵਾਧਾ ਕਰਦੇ ਹੋਏ ਹਰਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਧਰਮਸੋਤ ਵਾਸੀ ਅੰਨੀਆ ਰੋਡ, ਅਮਲੋਹ, ਰਾਜ ਕੁਮਾਰ ਨਾਗਪਾਲ, ਰਾਜੇਸ਼ ਕੁਮਾਰ ਚੋਪੜਾ ਅਤੇ ਰਾਜ ਕੁਮਾਰ ਸਰਪੰਚ ਨੂੰ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਇਸ ਕੇਸ ਵਿਚ ਦੋ ਮੁਲਜ਼ਮਾਂ ਰਾਜੇਸ਼ ਕੁਮਾਰ ਚੋਪੜਾ ਅਤੇ ਰਾਜ ਕੁਮਾਰ ਨਾਗਪਾਲ ਨੂੰ ਮਿਤੀ 28.03.2023 ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।