
ਅੱਜ ਇਥੇ ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ ਦੇ ਸੱਦੇ 'ਤੇ ਗੁਰਚਰਨ ਕੌਰ, ਬਲਵਿੰਦਰ ਖੋਸਾ, ਗੁਰਪ੍ਰੀਤ ਕੌਰ ਚੁਗਾਵਾਂ, ਸ਼ਿੰਦਰ ਕੌਰ ਦੁੱਨੇਕੇ ਆਦਿ ...
ਮੋਗਾ, ਅੱਜ ਇਥੇ ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ ਦੇ ਸੱਦੇ 'ਤੇ ਗੁਰਚਰਨ ਕੌਰ, ਬਲਵਿੰਦਰ ਖੋਸਾ, ਗੁਰਪ੍ਰੀਤ ਕੌਰ ਚੁਗਾਵਾਂ, ਸ਼ਿੰਦਰ ਕੌਰ ਦੁੱਨੇਕੇ ਆਦਿ ਦੀ ਅਗਵਾਈ ਵਿਚ ਵੱਡੀ ਗਿਣਤੀ 'ਚ ਵਰਕਰਜ਼ ਬੱਸ ਅੱਡੇ ਵਿਚ ਇਕੱਠੇ ਹੋ ਕੇ ਹਲਕਾ ਵਿਧਾਇਕ ਡਾ. ਹਰਜੋਤ ਕਮਲ ਨੂੰ ਅਪਣਾ ਮੰਗ ਪੱਤਰ ਦੇਣ ਲਈ ਜਾਣ ਲੱਗੇ ਤਾਂ ਪਤਾ ਲੱਗਾ ਕਿ ਹਲਕਾ ਵਿਧਾਇਕ ਤਾਂ ਮੋਗੇ ਵਿਚ ਹੀ ਨਹੀਂ ਹਨ।
ਯੂਨੀਅਨ ਦੇ ਪ੍ਰੋਗਰਾਮ ਬਾਰੇ ਪਹਿਲਾਂ ਵੀ ਅਖ਼ਬਾਰਾਂ ਰਾਹੀਂ ਸੂਚਿਤ ਕੀਤਾ ਗਿਆ ਸੀ ਕਿ ਹਲਕਾ ਵਿਧਾਇਕ ਨੂੰ ਮੰਗ ਪੱਤਰ ਦਿਤਾ ਜਾਣਾ ਹੈ ਪਰ ਹਲਕਾ ਵਿਧਾਇਕ ਨੇ ਇਸ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਅਤੇ ਨਾ ਹੀ ਕਿਸੇ ਹੋਰ ਦੀ ਡਿਊਟੀ ਮੰਗ ਪੱਤਰ ਲੈਣ ਲਈ ਲਗਾਈ ਜਿਸ ਤੋਂ ਗੁੱਸੇ ਵਿਚ ਆ ਕੇ ਵਰਕਰਜ਼ ਨੂੰ ਮੋਗਾ ਚੌਕ ਜਾਮ ਕਰਨਾ ਪਿਆ। ਇਸ ਨਾਲ ਮੌਕੇ 'ਤੇ ਪਹੁੰਚੇ ਡੀ.ਐਸ.ਪੀ. ਨੇ ਮੰਗ ਪੱਤਰ ਲਿਆ।
ਆਗੂਆਂ ਨੇ ਅਪਣਾ ਮੰਗ ਪੱਤਰ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਈ ਇੱਛਾ ਨਹੀਂ ਸੀ ਪਰ ਹਲਕਾ ਵਿਧਾਇਕ ਵਲੋਂ ਅਪਣੀ ਜ਼ਿੰਮੇਵਾਰੀ ਨਾ ਨਿਭਾਈ ਜਾਣ ਕਾਰਨ ਮਜਬੂਰੀ ਬੱਸ ਜਾਮ ਲਾਉਣਾ ਪਿਆ ਜਿਸ ਨਾਲ ਲੋਕ ਪ੍ਰੇਸ਼ਾਨ ਹੋਏ। ਆਗੂਆਂ ਨੇ ਅਪਣੀਆਂ ਮੰਗਾਂ ਬਾਰੇ ਗੱਲ ਕਰਦਿਆਂ ਦਸਿਆ ਕਿ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਮਿਨੀਮਮ ਵੇਜ ਦੇ ਦਾਇਰੇ ਵਿਚ ਲਿਆ ਕੇ ਮੁਲਾਜ਼ਮਾਂ ਦਾ ਦਰਜਾ ਦਿਤਾ ਜਾਵੇ, ਸੈਂਟਰਾਂ ਦੇ ਬੱਚੇ ਵਾਪਸ ਸੈਂਟਰਾਂ ਵਿਚ ਲਿਆਂਦੇ ਜਾਣ,
ਪ੍ਰੀਨਰਸਰੀ ਕਲਾਸਾਂ ਆਂਗਨਵਾੜੀ ਸੈਂਟਰਾਂ ਨੂੰ ਹੀ ਦਿਤੀਆਂ ਜਾਣ, ਵਰਕਰਜ਼ ਹੈਲਪਰਜ਼ ਨੂੰ ਸਿਹਤ ਸਹੂਲਤਾਂ ਦਿਤੀਆਂ ਜਾਣ, ਮੁਲਾਜ਼ਮਾਂ ਵਾਗ ਪੈਨਸ਼ਨ ਲਾਗੂ ਕੀਤੀ ਜਾਵੇ, ਸੁਪਰਵਾਈਜ਼ਰ ਦੀ ਭਰਤੀ ਆਂਗਨਵਾੜੀ ਵਰਕਰਜ਼ ਵਿਚੋਂ ਕੀਤੀ ਜਾਵੇ, ਦਰਜਾ ਚਾਰ ਦੀ ਭਰਤੀ ਹੈਲਪਰਜ਼ ਵਿਚੋਂ ਕੀਤੀ ਜਾਵੇ, ਮਿੰਨੀ ਸੈਂਟਰਾਂ ਨੂੰ ਮੇਨ ਸੈਂਟਰਾਂ ਵਿਚ ਤਬਦੀਲ ਕੀਤਾ ਜਾਵੇ,
ਵਰਕਰਜ਼/ਹੈਲਪਰਜ਼ ਦੀਆਂ ਮਿਊਚਲ ਬਦਲੀਆਂ ਕੀਤੀਆਂ ਜਾਣ, ਮਹਿੰਗਾਈ ਦੇ ਵਾਧੇ ਨਾਲ ਨਾਲ ਬਣਦਾ ਡੀ.ਏ. ਦਿਤਾ ਜਾਵੇ, ਰਾਸ਼ਨ ਬਣਾਉਣ ਲਈ ਬਾਲਣ ਦੇ ਪੈਸੇ 40 ਪੈਸੇ ਦੀ ਬਜਾਏ ਇਕ ਰੁਪਿਆ ਕੀਤਾ ਜਾਵੇ, ਆਂਗਨਵਾੜੀ ਸੈਂਟਰਾਂ ਵਿਚ ਰਾਸ਼ਨ ਦੀਆਂ ਪੂਰੀਆਂ ਆਈਟਮਾਂ ਭੇਜੀਆਂ ਜਾਣ।