
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ਵ ਨੋ ਤਮਾਕੂ ਦਿਵਸ ਮੌਕੇ ਕਿਹਾ ਕਿ ਤਮਾਕੂ ਦੀ ਵਰਤੋਂ
ਚੰਡੀਗੜ੍ਹ, 30 ਮਈ (ਸਪੋਕਸਮੈਨ ਸਮਾਚਾਰ ਸੇਵਾ) : ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ਵ ਨੋ ਤਮਾਕੂ ਦਿਵਸ ਮੌਕੇ ਕਿਹਾ ਕਿ ਤਮਾਕੂ ਦੀ ਵਰਤੋਂ ਵਿਸ਼ਵਵਿਆਪੀ ਤੌਰ ’ਤੇ ਜਨਤਕ ਸਿਹਤ ਲਈ ਇਕ ਵੱਡਾ ਖ਼ਤਰਾ ਹੈ ਅਤੇ ਤਮਾਕੂ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਸੰਭਾਵਨਾ ਨੂੰ ਵਧਾਉਣ ਵਾਲੇ ਸਾਧਨ ਵਜੋਂ ਕੰਮ ਕਰਦਾ ਹੈ। ਧੂੰਆਂ ਰਹਿਤ ਤਮਾਕੂਨੋਸ਼ੀ ਕਰਨ ਵਾਲੇ ਸੱਭ ਤੋਂ ਪਹਿਲਾਂ ਮਾਰੂ ਬੀਮਾਰੀਆਂ ਅਤੇ ਜਲਦੀ ਮੌਤ ਦਾ ਸ਼ਿਕਾਰ ਹੁੰਦੇ ਹਨ ਅਤੇ ਦੂਜਾ ਅਜਿਹੇ ਉਪਭੋਗਤਾਵਾਂ ਦਾ ਜਨਤਕ ਥਾਵਾਂ ’ਤੇ ਥੁੱਕਣ ਦਾ ਰੁਝਾਨ ਹੁੰਦਾ ਹੈ, ਜਿਸ ਨਾਲ ਕਈ ਬੀਮਾਰੀਆਂ, ਵਿਸ਼ੇਸ਼ ਕਰ ਕੇ ਛੂਤ ਦੀਆਂ ਬੀਮਾਰੀਆਂ ਜਿਵੇਂ ਕਿ ਕੋਵਿਡ-19 ਫੈਲਾਅ ਸਬੰਧੀ ਸਿਹਤ ਜ਼ੋਖ਼ਮ ਦਾ ਖ਼ਤਰਾ ਹੋਰ ਵਧ ਜਾਂਦਾ ਹੈ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਧੂੰਆਂ ਰਹਿਤ ਤਮਾਕੂ ਦੀ ਵਰਤੋਂ ਇਕ ਮਾੜਾ ਵਾਤਾਵਰਨ ਵੀ ਬਣਾਉਂਦੀ ਹੈ ਜਿਸ ਨਾਲ ਬੀਮਾਰੀਆਂ ਦੀ ਸੰਭਾਵਨਾ ਵਧਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਜਨਤਕ ਥਾਵਾਂ ’ਤੇ ਤਮਾਕੂ ਦੀ ਵਰਤੋਂ ਨਾ ਕਰਨ ਅਤੇ ਨਾ ਥੁੱਕਣ ਕਿਉਂਕਿ ਇਸ ਨਾਲ ਕੋਵਿਡ-19 ਅਤੇ ਟੀਬੀ ਸਮੇਤ ਹੋਰ ਛੂਤ ਦੀਆਂ ਬੀਮਾਰੀਆਂ ਹੋਣ ਦਾ ਖਦਸ਼ਾ ਹੁੰਦਾ ਹੈ। ਉਨ੍ਹਾਂ ਕਿਹਾ ਹੁਣ ਜਨਤਕ ਥਾਵਾਂ ’ਤੇ ਥੁੱਕਣ ਲਈ 500 ਰੁਪਏ ਜੁਰਮਾਨਾ ਲਗਾਇਆ ਜਾਵੇਗਾ।
File Photo
ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਧੂੰਆਂ ਰਹਿਤ ਤਮਾਕੂਨੋਸ਼ੀ ਦੇ ਘਾਤਕ ਨੁਕਸਾਨਾਂ ਨੂੰ ਉਜਾਗਰ ਕਰਨ ਅਤੇ ਲੋਕਾਂ ਨੂੰ ਖਾਸ ਕਰ ਕੇ ਕੋਰੋਨਾ ਵਿਸ਼ਾਣੂ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਤਮਾਕੂ ਦਾ ਸੇਵਨ ਨਾ ਕਰਨ ਲਈ ਪ੍ਰੇਰਤ ਕਰਨ ਵਜੋਂ ਰਾਜ ਵਿਆਪੀ ਜਾਗਰੂਕਤਾ ਮੁਹਿੰਮ ਚਲਾਈ ਹੈ। ਸਬੂਤ-ਅਧਾਰਤ ਮੁਹਿੰਮ ਵਿਚ ‘‘ਮੈਂ ਵਿਸ਼ਵਾਸ ਨਹੀਂ ਕਰਦਾ” ਨਾਮਕ ਇਕ ਪ੍ਰੀਟੇਸਟਡ ਪਬਲਿਕ ਸਰਵਿਸ ਘੋਸ਼ਣਾ (ਪੀਐਸਏ) ਦੀ ਸ਼ੁਰੂਆਤ ਵੀ ਸ਼ਾਮਲ ਹੈ, ਜਿਸ ਵਿਚ ਦਸਿਆ ਗਿਆ ਹੈ ਕਿ ਧੂੰਆਂ ਰਹਿਤ ਤਮਾਕੂਨੋਸ਼ੀ ਕਰਨ ਵਾਲਿਆਂ ਨੂੰ ਕੈਂਸਰ ਹੋਣ ਦਾ ਵੱਧ ਖ਼ਤਰਾ ਹੈ ਜਦਕਿ ਅਜਿਹਾ ਖ਼ਤਰਾ ਤਮਾਕੂ ਦੀ ਵਰਤੋਂ ਨਾ ਕਰਨ ਵਾਲਿਆਂ ਵਿਚ ਘੱਟ ਰਹਿੰਦਾ ਹੈ। ਇਹ ਕੈਂਸਰ ਤਮਾਕੂ ਦੀ ਨਿਯਮਤ ਵਰਤੋਂ ਦੇ ਪੰਜ ਸਾਲਾਂ ਦੇ ਅੰਦਰ ਬਣ ਸਕਦੇ ਹਨ। ਮੁਹਿੰਮ ਨੂੰ ਵਿਸ਼ਵਵਿਆਪੀ ਜਨਤਕ ਸਿਹਤ ਸੰਸਥਾ ਦੀਆਂ ਵਿਰਾਟ ਤਕਨੀਕੀ ਰਣਨੀਤੀਆਂ ਦੀ ਸਹਾਇਤਾ ਨਾਲ ਤਿਆਰ ਅਤੇ ਵਿਕਸਤ ਕੀਤਾ ਗਿਆ ਹੈ।