
ਕਾਂਗਰਸ ਦਾ ਅਕਾਲੀ ਦਲ ’ਤੇ ਪਲਟਵਾਰ...
ਚੰਡੀਗੜ੍ਹ, 30 ਮਈ (ਏ.ਐਸ.ਖੰਨਾ) : ਅਕਾਲੀ ਦਲ ਕਿਸਾਨਾਂ ਤੇ ਬਿਜਲੀ ਬਿੱਲ ਲਾਏ ਜਾਣ ਨੂੰ ਲੈ ਕਿ ਬੇਵਜਾ ਰੌਲਾ ਪਾ ਰਿਹਾ ਹੈ ਤਾਂ ਜੋ ਅਪਣੀ ਖ਼ਤਮ ਹੋ ਚੁੱਕੀ ਸਿਆਸੀ ਹੋਂਦ ਨੂੰ ਬਚਾਆ ਸਕੇ। ਇਹ ਗੱਲ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਸੁਖਬੀਰ ਬਾਦਲ ਵਲੋਂ ਪੈ੍ਰੱਸ ਕਾਨਫ਼ਰੰਸ ਕਰ ਕੇ ਸੂਬਾ ਸਰਕਾਰ ’ਤੇ ਚੁੱਕੇ ਸਵਾਲਾਂ ਦੇ ਜਵਾਬ ’ਚ ਆਖੀ। ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਮਾਹਾਰਾਜਾ ਕੈਪਟਨ ਅਮਰਿੰਦਰ ਸਿੰਘ 29 ਮਈ ਨੂੰ ਪਹਿਲਾਂ ਹੀ ਸ਼ਪੱਸ਼ਟ ਕਹਿ ਚੁੱਕੇ ਹਨ ਕਿ ਸੂਬੇ ਦੇ ਕਿਸਾਨਾਂ ’ਤੇ ਕੋਈ ਬਿਜਲੀ ਬਿੱਲ ਨਹੀਂ ਲਾਇਆ ਜਾ ਰਿਹਾ।
ਪਰ ਪਤਾ ਨਹੀਂ ਸੁਖਬੀਰ ਬਾਦਲ ਕਿਹੜੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਕਿ ਉਨ੍ਹਾਂ ਵਲੋਂ ਅੱਜ 30 ਮਈ ਨੂੰ ਪੈ੍ਰੱਸ ਕਾਨਫ਼ਰੰਸ ਕਰ ਕੇ ਮੁੜ ਬਿਜਲੀ ਬਿੱਲ ਲਾਏ ਜਾਣ ਦਾ ਬੇਵਜਾ ਰੋਲਾ ਪਾਇਆ ਜਾ ਰਿਹਾ ਹੈ। ਜਦਕਿ ਬਿਜਲੀ ਬਿੱਲ ਲਾਏ ਜਾਣ ਸਬੰਧੀ ਐਕਟ ਬਣਾਏ ਜਾਣ ਦਾ ਫ਼ੈਸਲਾ ਕੇਂਦਰ ਦੀ ਭਾਜਪਾ ਸਰਕਾਰ ਦਾ ਹੈ। ਜਿਸ ਵਿਚ ਸੁਖਬੀਰ ਬਾਦਲ ਦੀ ਧਰਮਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਭਾਈਵਾਲ ਹਨ। ਇਸ ਲਈ ਸੁਖਬੀਰ ਨੂੰ ਦੂਜਿਆਂ ’ਤੇ ਦੋਸ਼ ਲਾਉਣ ਦੀ ਜਗ੍ਹਾ ਪਹਿਲਾਂ ਅਪਣੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ।
File photo
ਸੁਖਬੀਰ ਬਾਦਲ ਵੱਲੋਂ ਪੰਜਾਬ ਸਰਕਾਰ ’ਤੇ ਰਾਸ਼ਨ ਘੁਟਾਲਾ ਕੀਤੇ ਜਾਣ ਦੇ ਲਾਏ ਗਏ ਇਲਜਾਮਾਂ ਨੂੰ ਮੁੱਢੋਂ ਰੱਦ ਕਰਦਿਆਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਰਾਸ਼ਨ ਘੁਟਾਲਾ ਪੰਜਾਬ ਸਰਕਾਰ ਨੇ ਨਹੀਂ, ਸਗੋਂ ਕੇਂਦਰ ਦੀ ਮੋਦੀ ਸਰਕਾਰ ਨੇ ਕੀਤਾ ਹੈ। ਜਿਸ ਨੇ ਕਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਪੰਜਾਬ ਦੇ ਗ਼ਰੀਬ ਤੇ ਲੋੜਵੰਦ ਲੋਕਾਂ ਦੇ ਮੂੰਹ ’ਚ ਜਾਣ ਵਾਲੀ ਦਾਲ ਬੇਹੱਦ ਨਿਕੰਮੀ ਤੇ ਨਾ ਖਾਣਯੋਗ ਭੇਜੀ। ਜਿਸ ਨੂੰ ਸੂਬਾ ਸਰਕਾਰ ਨੇ ਵਾਪਸ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਵਲੋਂ ਬੜੇ ਸੁੱਚਜੇ ਢੰਗ ਨਾਲ ਲੋਕਾਂ ਤਕ ਰਾਸ਼ਨ ਦੀ ਵੰਡ ਕਰਦਿਆਂ ਹਰ ਘਰ ਤਕ ਰਾਸ਼ਨ ਪਹੁੰਚਾਇਆ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਸੁਖਬੀਰ ਵਲੋਂ ਕੀਤੀ ਬਿਆਨਬਾਜ਼ੀ ’ਚ ਕੋਈ ਦਮਖਮ ਨਹੀਂ।
ਸਰਦਾਰ ਧਰਮਸੋਤ ਨੇ ਵਿਅੰਗਮਈ ਅੰਦਾਜ ’ਚ ਸੁਖਬੀਰ ਨੂੰ ਕਿਹਾ ਕਿ, ‘‘ਛੱਜ ਤਾਂ ਬੋਲੇ, ਪਰ ਛਾਨਣੀ ਕਿਉਂ?’’ ਦਸ ਸਾਲ ਲੋਕਾਂ ਨੂੰ ਲੁੱਟਣ ਵਾਲਾ ਅਕਾਲੀ ਦਲ ਕਿਹੜੇ ਮੂੰਹ ਨਾਲ ਪੈ੍ਰੱਸ ਕਾਨਫ਼ਰੰਸਾਂ ਕਰ ਕੇ ਸ਼ੰਘਰਸ਼ ਸ਼ੁਰੂ ਕਰਨ ਦੀਆਂ ਗੱਲਾਂ ਕਰ ਰਿਹੈ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਡਰਾਮੇਬਾਜ਼ੀ ਕਰਨ ’ਚ ਮਾਹਰ ਹੈ ਅਤੇ ਉਨ੍ਹਾਂ ਵਲੋਂ ਅੱਜ ਕੀਤੀ ਗਈ ਕਾਨਫ਼ਰੰਸ ਵੀ ਡਰਾਮੇਬਾਜ਼ੀ ਦਾ ਹੀ ਇਕ ਪਾਰਟ ਹੈ।