
ਤਿੰਨ ਮੈਂਬਰੀ ਕਮੇਟੀ ਦੀ ਸੁਣਵਾਈ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕੀਤੇ ਕੁੱਝ ਮੰਤਰੀਆਂ ਤੇ ਵਿਧਾਇਕਾਂ ਨੂੰ ਫ਼ੋਨ?
ਪੰਜਾਬ ਕਾਂਗਰਸ ਦਾ ਵਿਵਾਦ ਹੱਲ ਕਰਨ ਲਈ ਵੱਡਾ ਫ਼ੈਸਲਾ ਲੈਣ ਦੇ ਸੰਕੇਤ
ਚੰਡੀਗੜ੍ਹ, 30 ਮਈ (ਗੁਰਉਪਦੇਸ਼ ਭੁੱਲਰ): ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ਦੇ ਵਿਵਾਦ ਨੂੰ ਸੁਲਝਾਉਣ ਲਈ ਕੋਈ ਵੱਡਾ ਫ਼ੈਸਲਾ ਲੈ ਸਕਦਾ ਹੈ | ਇਸ ਦਾ ਸੰਕੇਤ ਕੁੱਝ ਮੰਤਰੀਆਂ ਤੇ ਵਿਧਾਇਕਾਂ ਨਾਲ ਰਾਹੁਲ ਗਾਂਧੀ ਵਲੋਂ ਸਿੱਧੇ ਤੌਰ 'ਤੇ ਫ਼ੋਨ ਰਾਹੀਂ ਕੀਤੀ ਗੱਬਾਤ ਨਾਲ ਮਿਲਦਾ ਹੈ | ਭਾਵੇਂ ਇਸ ਗੱਲਬਾਤ ਬਾਰੇ ਕੋਈ ਵੀ ਮੰਤਰੀ ਜਾਂ ਵਿਧਾਇਕ ਕੁੱਝ ਵੀ ਦੱਸਣ ਨੂੰ ਤਿਆਰ ਨਹੀਂ ਪਰ ਸੂਤਰਾਂ ਦੀ ਮੰਨੀਏ ਤਾਂ ਰਾਹੁਲ ਗਾਂਧੀ ਨੇ ਤਿੰਨ ਮੈਂਬਰੀ ਕਮੇਟੀ ਵਲੋਂ ਸੁਣਵਾਈ ਸ਼ੁਰੂ ਕਰਨ ਤੋਂ ਪਹਿਲਾਂ ਖ਼ੁਦ ਸਿੱਧੇ ਫ਼ੋਨ ਲਾ ਕੇ ਇਕ ਦਰਜਨ ਦੇ ਕਰੀਬ ਮੰਤਰੀਆਂ ਤੇ ਕੁੱਝ ਵਿਧਾਇਕਾਂ ਨੂੰ ਫ਼ੋਨ ਕੀਤੇ ਹਨ | ਇਨ੍ਹਾਂ ਵਿਚ ਨਾਰਾਜ਼ ਧੜੇ ਦੇ ਕਈ ਆਗੂ ਸ਼ਾਮਲ ਦੱਸੇ ਜਾਂਦੇ ਹਨ |
ਦੂਜੇ ਪਾਸੇ ਮਲਿਕ ਅਰਜੁਨ ਖੜਗੇ ਦੀ ਅਗਵਾਈ ਵਾਲੀ ਹਰੀਸ਼ ਰਾਵਤ ਅਤੇ ਜੇ.ਪੀ.ਅਗਰਵਾਲ 'ਤੇ ਆਧਾਰਤ ਤਿੰਨ ਮੈਂਬਰੀ ਕਮੇਟੀ ਨੇ ਅਪਣੀ ਪਹਿਲੀ ਮੀਟਿੰਗ ਤੋਂ ਬਾਅਦ ਤੈਅ ਪ੍ਰੋਗਰਾਮ ਮੁਤਾਬਕ ਅੱਧੀ ਦਰਜਨ ਮੰਤਰੀਆਂ ਸਮੇਤ 25 ਵਿਧਾਇਕਾਂ ਨੂੰ 31 ਮਈ ਨੂੰ ਦਿੱਲੀ ਸੱਦ ਲਿਆ ਹੈ | 1 ਅਤੇ 2 ਜੂਨ ਨੂੰ ਬਾਕੀ ਦੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਹੋਰ ਪ੍ਰਮੁੱਖ ਆਗੂਆਂ ਨੂੰ ਸੱਦਿਆ ਜਾਵੇਗਾ |
ਮਿਲੀ ਜਾਣਕਾਰੀ ਮੁਤਾਬਕ 31 ਮਈ ਨੂੰ ਜਿਨ੍ਹਾਂ ਮੰਤਰੀਆਂ ਤੇ ਵਿਧਾਇਕਾਂ ਨੂੰ ਕਮੇਟੀ ਨੇ ਦਿੱਲੀ ਸੱਦਿਆ ਹੈ, ਉਨ੍ਹਾਂ ਵਿਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਚੰਨੀ, ਤਿ੍ਪਤ ਰਜਿੰਦਰ ਬਾਜਵਾ, ਓ.ਪੀ. ਸੋਨੀ ਤੇ ਸੁੰਦਰ ਸ਼ਾਮ ਅਰੋੜਾ ਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਤੇ ਸੰਗਤ ਸਿੰਘ ਗਿਲਜੀਆ ਦੇ ਨਾਂ ਜ਼ਿਕਰਯੋਗ ਹਨ | ਇਨ੍ਹਾਂ ਸੱਭ ਨੂੰ ਇਕੱਲੇ ਇਕੱਲੇ ਗੱਲਬਾਤ ਕਰ ਕੇ ਪੰਜਾਬ ਵਿਚ ਪੈਦਾ ਹੋਏ ਕਾਂਗਰਸ ਦੇ ਵਿਵਾਦ, ਨਾਰਾਜ਼ਗੀਆਂ, ਪਾਰਟੀ ਸੰਗਠਨ ਤੇ ਸਰਕਾਰ ਦੇ ਕੰਮਕਾਰ ਬਾਰੇ ਜਾਣਕਾਰੀ ਲਈ ਜਾਵੇਗੀ |
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਦਿੱਲੀ ਪੁੱਜ ਚੁੱਕੇ ਹਨ ਅਤੇ ਵਿਧਾਇਕਾਂ ਨਾਲ ਮੀਟਿੰਗ ਦਾ ਸਿਲਸਿਲਾ ਸ਼ੁਰੂ ਹੋਣ ਤੋਂ ਪਹਿਲਾਂ ਤਿੰਨ ਮੈਂਬਰੀ ਕਮੇਟੀ ਉਨ੍ਹਾਂ ਨਾਲ ਮੀਟਿੰਗ ਕਰ ਕੇ ਸਾਰੀ ਸਥਿਤੀ ਦੀ ਜਾਣਕਾਰੀ ਹਾਸਲ ਕਰੇਗੀ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੂੰ ਵਿਧਾਇਕਾਂ ਤੇ ਹੋਰ ਆਗੂਆਂ ਨੂੰ ਸੁਣਨ ਬਾਅਦ ਆਖ਼ਰ ਵਿਚ ਕਮੇਟੀ ਉਨ੍ਹਾਂ ਦਾ ਪੱਖ ਸੁਣਨ ਲਈ ਦਿੱਲੀ ਬੁਲਾਏਗੀ | ਸਾਰੀ ਕਾਰਵਾਈ ਦਿੱਲੀ ਦਰਬਾਰ ਵਿਚ ਹੀ ਚਲੇਗੀ ਅਤੇ ਹਫ਼ਤੇ ਅੰਦਰ ਹੀ ਕਮੇਟੀ ਵਲੋਂ ਪਾਰਟੀ ਪ੍ਰਧਾਨ ਨੂੰ ਅਪਣੀ ਰੀਪੋਰਟ ਸੌਂਪੇ ਜਾਣ ਦੇ ਆਸਾਰ ਹਨ | ਇਸ ਤਰ੍ਹਾਂ ਲਗਾਤਾਰ ਕਈ ਦਿਨ ਹੁਣ ਪੰਜਾਬ ਕਾਂਗਰਸ ਦੀ ਸਿਆਸਤ ਦਾ ਕੇਂਦਰ ਦਿੱਲੀ ਹੀ ਰਹੇਗੀ |