
ਬੇਅਦਬੀ ਕਾਂਡ : ਭਲਕੇ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਣ ਵਾਲੇ ਪੋ੍ਰਗਰਾਮ ਪ੍ਰਸ਼ਾਸਨ ਲਈ ਬਣੇ ਸਿਰਦਰਦੀ
ਕੋਟਕਪੂਰਾ, 30 ਮਈ (ਗੁਰਿੰਦਰ ਸਿੰਘ) : 1 ਜੂਨ 2015 ਨੂੰ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਦਿਨ ਦਿਹਾੜੇ ਡੇਰਾ ਪੇ੍ਰਮੀਆਂ ਵਲੋਂ ਪਾਵਨ ਸਰੂਪ ਚੋਰੀ ਕਰਨ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਵਾਪਰੀਆਂ ਘਟਨਾਵਾਂ ਦਾ ਇਨਸਾਫ਼ ਲੈਣ ਲਈ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ 1 ਜੂਨ ਨੂੰ ਰੱਖੇ ਦੋ ਪ੍ਰੋਗਰਾਮ ਪ੍ਰਸ਼ਾਸਨ ਲਈ ਸਿਰਦਰਦੀ ਬਣਦੇ ਜਾ ਰਹੇ ਹਨ ਕਿਉਂਕਿ ਪ੍ਰਸ਼ਾਸਨ ਵਲੋਂ ਬਕਾਇਦਾ ਕੋਵਿਡ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ ਤੇ ਦੂਜੇ ਪਾਸੇ ਦੋਵੇਂ ਥਾਵਾਂ 'ਤੇ ਇਕੱਠ ਕਰਨ ਲਈ ਵੱਖ ਵੱਖ ਧਿਰਾਂ ਵਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ |
ਜ਼ਿਕਰਯੋਗ ਹੈ ਕਿ ਅਕਾਲੀ ਦਲ ਮਾਨ ਸਮੇਤ ਅਨੇਕਾਂ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ 1 ਜੂਨ ਨੂੰ ਸਵੇਰੇ 10:00 ਵਜੇ ਗੁਰਦਵਾਰਾ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ, ਜਦਕਿ ਅਕਾਲੀ ਦਲ ਸੰਯੁਕਤ ਦੇ ਸੰਸਥਾਪਕਾਂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਸੂਬੇ ਭਰ ਦੇ ਪੰਥਦਰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ 1 ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ਵਿਖੇ 12:30 ਵਜੇ ਪਹੁੰਚਣ ਜਿਥੇ ਸੰਗਤੀ ਤੌਰ 'ਤੇ ਅਰਦਾਸ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ 1 ਜੂਨ 2018 ਨੂੰ ਭਾਈ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਇਨਸਾਫ਼ ਮੋਰਚੇ ਦੇ ਕੀਤੇ ਐਲਾਨ ਤੋਂ ਬਾਅਦ ਕਰੀਬ ਸਵਾ 6 ਮਹੀਨੇ ਉਕਤ ਮੋਰਚਾ ਸਰਕਾਰ ਅਤੇ ਪ੍ਰਸ਼ਾਸਨ ਲਈ ਸਿਰਦਰਦੀ ਬਣਿਆ
ਰਿਹਾ ਅਤੇ ਸੱਤਾਧਾਰੀ ਧਿਰ ਦੇ ਦੋ ਕੈਬਨਿਟ ਮੰਤਰੀਆਂ ਤੇ 6 ਵਿਧਾਇਕਾਂ ਦੇ ਯਤਨਾਂ ਤੋਂ ਬਾਅਦ ਉਕਤ ਮੋਰਚਾ 9 ਦਸੰਬਰ 2018 ਨੂੰ ਸਮਾਪਤ ਕਰਵਾ ਦਿਤਾ ਗਿਆ | ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਹਰ ਸਾਲ 1 ਜੂਨ, 12 ਅਕਤੂਬਰ ਅਤੇ 14 ਅਕਤੂਬਰ ਨੂੰ ਜ਼ਿਲ੍ਹੇ ਭਰ ਦੀਆਂ ਵੱਖ ਵੱਖ ਥਾਵਾਂ 'ਤੇ ਹੋਣ ਵਾਲੇ ਪ੍ਰੋਗਰਾਮਾਂ 'ਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ | ਡਿਪਟੀ ਕimageਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਆਖਿਆ ਕਿ ਕੋਵਿਡ ਨਿਯਮਾਂ ਦੀ ਉਲੰਘਣਾ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ | ਸਵਰਨਦੀਪ ਸਿੰਘ ਐਸਐਸਪੀ ਫ਼ਰੀਦਕੋਟ ਮੁਤਾਬਕ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਬਕਾਇਦਾ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ |