
ਭਾਈ ਮਹਿੰਗਾ ਸਿੰਘ ਬੱਬਰ ਤੇ ਹੋਰ ਸਿੰਘਾਂ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਦੀ ਆਰੰਭਤਾ ਨਾਲ ਘੱਲੂਘਾਰਾ ਸਪਤਾਹ ਸ਼ੁਰੂ
ਅੰਮਿ੍ਰਤਸਰ, 30 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਘੱਲੂਘਾਰਾ 1984 ਦੀ ਯਾਦ ਨੂੰ ਮਨਾਉਂਦੇ ਹੋਏ ਗੁਰਦਵਾਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਰੱਖੇ ਜਾਣ ਨਾਲ ਘੱਲੂਘਾਰਾ ਸਪਤਾਹ ਦੀ ਆਰਭੰਤਾ ਹੋ ਗਈ। 1 ਜੂਨ 1984 ਨੂੰ ਸੀ.ਆਰ.ਪੀ.ਐਫ਼ ਨਾਲ ਜੂਝਦੇ ਹੋਏ ਗੁਰਦਵਾਰਾ ਬਾਬਾ ਅਟੱਲ ਰਾਏ ਸਾਹਿਬ ਦੀ ਉਪਰਲੀ ਮੰਜ਼ਲ ਤੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦਾ ਸੰਸਕਾਰ ਮੰਜੀ ਸਾਹਿਬ ਦੀਵਾਨ ਹਾਲ ਦੇ ਨੇੜੇ 2 ਜੂਨ ਨੂੰ ਸ਼ਹੀਦ ਜਥੇਦਾਰ ਸੁਖਦੇਵ ਸਿੰਘ ਬੱਬਰ ਦੀ ਮੌਜੂਦਗੀ ਵਿਚ ਸਮੂਹ ਪੰਥਕ ਜਥੇਬੰਦੀਆਂ ਵਲੋਂ ਕੀਤਾ ਗਿਆ ਸੀ।
ਅਗਲੇ ਦਿਨਾਂ ਵਿਚ ਭਾਰਤੀ ਫ਼ੌਜ ਨਾਲ ਹੋਏ ਗਹਿ-ਗੱਚ ਮੁਕਾਬਲੇ ਵਿਚ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰਖਦੇ ਹੋਏ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ ਅਤੇ ਉਹ ਹੋਰ ਹਜ਼ਾਰਾਂ ਸਿੰਘ ਸ਼ਹੀਦੀ ਦੇ ਜਾਮ ਪੀ ਗਏ ਸਨ। ਜਿਨ੍ਹਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਣ ਲਈ ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਜਿਸ ਦੇ ਭੋਗ 1 ਜੂਨ ਨੂੰ ਪਾਏ ਜਾਣਗੇ।
ਇਸ ਮੌਕੇ ਜਥੇਦਾਰ ਹਵਾਰਾ ਕਮੇਟੀ ਵਲੋਂ ਪ੍ਰੋਫ਼ੈਸਰ ਬਲਜਿੰਦਰ ਸਿੰਘ, ਭਾਈ ਸਤਨਾਮ ਸਿੰਘ ਝੰਜੀਆਂ, ਮਹਾਵੀਰ ਸਿੰਘ ਸੁਲਤਾਨਵਿੰਡ, ਸੁਖਰਾਜ ਸਿੰਘ ਵੇਰਕਾ, ਬਲਦੇਵ ਸਿੰਘ ਔਲਖ, ਗੁਰਬਖਸ ਸਿੰਘ ਬੱਗਾ ਆਦਿ ਹਾਜਰ ਸਨ। ਕਮੇਟੀ ਮੈਂਬਰਾਂ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਭੋਗ ਤੇ ਸ਼ਾਮਲ ਹੋ ਕੇ ਸ਼ਹੀਦਾਂ ਨੂੰ ਨਤਮਸਤਕ ਹੋਣ।